ਹਾਅ ਦਾ ਨਾਅਰਾ.......... ਲੇਖ / ਮਿੰਟੂ ਬਰਾੜ

ਪਿਆਰੇ ਵੀਰ ਅਮਰਦੀਪ ਗਿੱਲ ਜੀਓ,

ਆਪਣੇ ਛੋਟੇ ਵੀਰ ਮਿੰਟੂ ਬਰਾੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ। ਆਪਣੀ ਸਾਂਝ ਤਾਂ ਬੱਸ ਇੰਨੀ ਕੁ ਹੈ ਕੇ ਤੁਸੀ ਵੀ ਬਚਪਨ ਤੇ ਜੁਆਨੀ ਬਠਿੰਡਾ ਸ਼ਹਿਰ ਦੀਆਂ ਗਲੀਆਂ ਚ ਗੁਜ਼ਾਰੀ, ਤੇ ਮੈਂ ਵੀ। ਦੋ ਚਾਰ ਬਾਰ ਆਪਣਾ ਮੇਲ ਕੁੱਝ ਸਾਂਝੇ ਮਿੱਤਰਾ ਕੋਲ ਹੋਇਆ ਤੇ ਹਰ ਬਾਰ ਹੀ ਤੁਹਾਡੇ ਹੁਨਰ ਅੱਗੇ ਮੇਰਾ ਸਿਰ ਇੰਜ ਝੁਕਿਆ ਕੇ ਕੋਈ ਖ਼ਾਸ ਵਾਰਤਾਲਾਪ ਨਾ ਕਰ ਸਕਿਆ।ਪਰ ਸਾਹਿਤ ਵਿੱਚ ਰੁਚੀ ਰੱਖਣ ਕਾਰਨ ਤੁਹਾਡੇ ਵੱਲੋਂ ਲਏ ਹਰ ਮੋੜ ਦੀ ਖ਼ਬਰ ਰੱਖਦਾ ਰਿਹਾ ਤੇ ਬੜੀ ਬੇਸਬਰੀ ਨਾਲ ਤੁਹਾਡੀਆਂ ਰਚਨਾਵਾਂ ਦੀ ਉਡੀਕ ਦਾ ਆਨੰਦ ਲੈਂਦਾ ਰਿਹਾ।ਸ਼ਾਇਦ ਦੁਨੀਆ ਅੱਗੇ ਤਾਂ ਅਸਲੀ ਅਮਰਦੀਪ ਬਹੁਤ ਪਿਛੋ ਯਾਨੀ ਕੇ “ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ” ਜਿਹਾ ਗੀਤ ਰਚਣ ਤੋਂ ਬਾਅਦਂ ਆਇਆ ਪਰ ਮੈਂ ਤਾਂ ਬਹੁਤ ਪਹਿਲਾਂ ਹੀ ਆਪਣੇ ਸਾਂਝੇ ਮਿੱਤਰ ਤਰਨਜੀਤ ਸੋਢੀ ਉਰਫ਼ “ਲਾਲੀ” ਦੇ ਵਿਆਹ ਵਿੱਚ ਹੀ ਤੁਹਾਡਾ ਸੰਗ ਮਾਣ ਕੇ ਅਜ ਦੇ ਅਮਰਦੀਪ ਦਾ ਅਹਿਸਾਸ ਲੈ ਚੁੱਕਿਆ ਸੀ।ਤੁਹਾਡਾ ਤਹਿ ਦਿਲੋਂ ਪਰਸੰਸਕ ਹੋਣ ਕਰਕੇ ਤੁਹਾਡੀਆ ਹੁਣ ਤਕ ਛਪੀਆ ਸਾਰਿਆ ਕਿਤਾਬਾਂ ਤੇ ਰਿਕਾਰਡ ਹੋਏ ਗੀਤਾਂ ਦਾ ਆਨੰਦ ਲੈ ਚੁੱਕਿਆ ਹਾਂ। ਇਸੇ ਕਾਰਨ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਹਾਡੇ ਕੌਣ-ਕੌਣ ਤੇ ਕਿੰਨੇ ਖ਼ਾਸ ਮਿੱਤਰ ਹਨ ਤੇ ਮੈਨੂੰ ਇਹ ਵੀ ਪਤਾ ਕੇ ਹਜ਼ਾਰਾ ਦਿਲਾਂ ਦਾ ਇਹ ਚਹੇਤਾ ਆਪ ਕਿਸ ਦਾ ਕਦਰਦਾਨ ਹੈ।

ਸੋ ਉਸੇ ਕੜੀ ਦੇ ਤਹਿਤ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਕੇ ਤੁਸੀ ਸੂਫ਼ੀ ਤੇ ਦਰਵੇਸ਼ ਗਾਇਕ ਜਨਾਬ ਹੰਸ ਰਾਜ ਹੰਸ ਜੀ ਦੇ ਮੇਰੇ ਵਾਂਗੂੰ ਬਹੁਤ ਹੀ ਮੁਰੀਦ ਹੋ ਤੇ ਜੇ ਆਪਣੇ ਵਿੱਚ ਇਥੇ ਫ਼ਰਕ ਹੈ ਤਾਂ ਬੱਸ ਉਹ ਇਹ ਕੇ ਮੈਂ ਇਕੱਲਾ ਮੁਰੀਦ ਹਾਂ ਤੇ ਤੁਸੀ ਉਹਨਾਂ ਦੇ ਦਿਲ ਦੇ ਬੜੇ ਕਰੀਬ ਹੋ।ਅਜ ਮੇਰਾ ਇਹ ਖ਼ਤ ਲਿਖਣ ਦਾ ਸਬੱਬ ਵੀ ਤੁਹਾਡਾ ਤੇ ਹੰਸ ਜੀ ਦਾ ਇੰਨਾ ਕਰੀਬੀ ਰਿਸ਼ਤਾ ਹੋਣਾ ਹੀ ਬਣਿਆ।

ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਦ ਕੋਈ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਕਰਦਾ ਹੈ ਤਾਂ ਦੁਨੀਆ ਉਸ ਨੂੰ ਭਾਵੇਂ ਮੋੜ ਕੇ ਨਹੀਂ ਲਿਆ ਸਕਦੀ ਪਰ ਉਸ ਦੇ ਨਜ਼ਦੀਕੀਆਂ ਕੋਲ ਅਫ਼ਸੋਸ ਕਰ ਕੇ ਕੁੱਝ ਦੁੱਖ ਵੰਡਾਉਣ ਦੀ ਕੋਸ਼ਸ਼ ਜਰੂਰ ਕਰਦੀ ਹੈ ਤੇ ਜਦ ਮੈਨੂੰ ਮੇਰੇ ਇਸ ਸਤਿਕਾਰ ਯੋਗ ਦਰਵੇਸ਼ ਦੇ ਇਕ ਅਵਤਾਰ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਇਕ ਬਾਰ ਤਾਂ ਸੀਨੇ ਵਿੱਚ ਸੱਲ ਜਿਹੇ ਪੈ ਗਏ ਪਰ ਹੋਲੀ ਹੋਲੀ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ ਕੇ ਹੁਣ ਦੁਨੀਆਦਾਰੀ ਦੇ ਫਰਜ਼ ਮੁਤਾਬਿਕ ਦੁੱਖ ਤਾਂ ਵੰਡਾਉਣਾ ਚਾਹੀਦਾ ਹੈ ਸੋ ਮੈਂ ਉਹਨਾਂ ਦੇ ਸਭ ਤੋਂ ਵੱਧ ਨਜ਼ਦੀਕੀਆਂ ਵਿੱਚੋਂ ਬਸ ਇਕ ਤੁਹਾਨੂੰ ਹੀ ਜਾਣਦਾ ਸੀ ਸੋ ਖਿਮਾ ਚਾਹੁੰਦਾ ਹਾਂ ਕੇ ਬੇਗਾਨੇ ਦੇਸ਼ ਵਿੱਚ ਬੈਠਾ ਹੋਣ ਕਾਰਨ ਅਜ ਤੁਹਾਡੇ ਕੋਲ ਆ ਕੇ ਤਾਂ ਗੋਡਾ ਨੀਵਾਂ ਨਹੀਂ ਸਕਦਾ ਸੋ ਸੋਚਿਆ ਖ਼ਤ ਲਿਖ ਕੇ ਹੀ ਕੁੱਝ ਦੁੱਖ ਵੰਡ ਲਵਾਂ।

ਥੋੜ੍ਹਾ ਟਾਈਮ ਪਹਿਲਾਂ ਇਸ ਸੂਫ਼ੀ ਗਾਇਕ ਜਿਸ ਦੀ ਕੇ ਮੈਂ ਪੂਜਾ ਕਰਦਾ ਸੀ ਦਾ ਉਹਨਾਂ ਦੇ ਖ਼ੁਦ ਦੇ ਮੂੰਹੋਂ ਆਤਮ ਹੱਤਿਆ ਕਰਨ ਦਾ ਸੁਣਿਆ ਜਿਸ ਵਿੱਚ ਉਹ ਕਹਿ ਰਹੇ ਸਨ ਹੁਣ ਤਕ ਮੈਂ ਇਕ ਗਾਇਕ ਦੇ ਰੂਪ ਵਿੱਚ ਤੁਹਾਡੀ ਸੇਵਾ ਕੀਤੀ ਤੇ ਹੁਣ ਮੈਂ ਇਹ ਚੋਲਾ ਬਦਲ ਕੇ ਇਕ ਸਿਆਸਤ ਦਾਨ ਦੇ ਰੂਪ ਵਿੱਚ ਤੁਹਾਡੀ ਸੇਵਾ ਕਰਾਂਗਾ ਇਹ ਸੁਣ ਕੇ ਇਕ ਬਾਰ ਸੁਨ ਜਿਹਾ ਹੋ ਗਿਆ ਸੀ। ਪਰ ਫੇਰ ਸੋਚਿਆ ਜਿਵੇਂ ਪਹਿਲਾਂ ਇਸ ਇਨਸਾਨ ਨੇ ਇਤਿਹਾਸ ਸਿਰਜਿਆ ਹੈ ਸ਼ਾਇਦ ਹੁਣ ਵੀ ਇਹ ਚੋਲਾ ਬਦਲ ਕੇ ਕੋਈ ਨਵਾਂ ਇਤਿਹਾਸ ਸਿਰਜ ਜਾਵੇ ਤੇ ਮੇਰੀ ਸੋਚ ਹੀ ਗ਼ਲਤ ਹੋਵੇ।

ਪਰ ਉਸ ਐਲਾਨ ਤੋਂ ਪਿਛੋਂ ਹਾਲੇ ਮੇਰੀ ਸੋਚਾਂ ਦੀ ਬੇੜੀ ਡਿੱਕ-ਡੋਲੇ ਜਿਹੇ ਖਾ ਰਹੀ ਸੀ ਤੇ ਰਹਿ ਰਹਿ ਕੇ ਉਹ ਦਿਨ ਯਾਦ ਆ ਰਹੇ ਸਨ ਜਦ ਪਹਿਲੀ ਬਾਰ ਇਸ ਗਾਇਕ ਨੂੰ ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਬਾਜੇ ਤੇ ਬੈਠ ਕੇ ਗਾਉਂਦਾ ਸੁਣਿਆ ਸੀ ਤੇ ਪਹਿਲੀ ਹੀ ਤੱਕਣੀ ਨੇ ਇਸ ਭਵਿੱਖ ਦੇ ਦਰਵੇਸ਼ ਦੀ ਰੂਹ ਦੇ ਜਲਾਲ ਨੇ ਮੇਰੇ ਸਮੇਤ ਲੱਖਾਂ ਲੋਕਾਂ ਨੂੰ ਕੀਲ ਲਿਆ ਸੀ ਤੇ ਉਸ ਵਕਤ ਮੇਰੇ ਕੋਲ ਬੈਠੇ ਸਾਡੇ ਬਜ਼ੁਰਗਾਂ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਸੀ ਬਈ ਇਹ ਮੁੰਡਾ ਤਾਂ ਕੋਈ ਲੰਮੀ ਰੇਸ ਦਾ ਘੋੜਾ ਲੱਗਦਾ ਹੈ। ਬਜ਼ੁਰਗਾ ਦੇ ਉਹ ਸ਼ਬਦ ਅਖੀਰ ਸੱਚ ਵੀ ਹੋ ਨਿੱਬੜੇ ਜਦੋਂ ਇਕ ਛੋਟੇ ਜਿਹੇ ਪਿੰਡ ਚੋ ਉਠ ਕੇ ਇਸ ਇਨਸਾਨ ਨੇ ਸਾਰੀ ਦੁਨੀਆ ਚ ਪੰਜਾਬੀ ਤੇ ਗ਼ੈਰ ਪੰਜਾਬੀ ਜੋ ਚੰਗੇ ਸੰਗੀਤ ਦੀ ਸਮਝ ਰੱਖਦੇ ਹਨ ਦੇ ਦਿਲਾਂ ਵਿੱਚ ਆਪਣੀ ਇਕ ਖ਼ਾਸ ਥਾਂ ਬਣਾ ਲਈ ਸੀ ।ਫੇਰ ਇੱਕ ਦੌਰ ਇਹ ਆਇਆ ਜਦੋਂ ਇਸ ਦਰਵੇਸ਼ ਨੇ ਆਪਣੇ ਸੁਰਾਂ ਨਾਲ ਦੁਨਿਆਵੀ ਲੋਕਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਵੀ ਕੀਲ ਲਿਆ ਤੇ ਉਸ ਦੀਆਂ ਰਹਿਮਤਾਂ ਦਾ ਮੀਹ ਇਸ ਕਦਰ ਇਸ ਉੱਤੇ ਵਰ੍ਹਨ ਲੱਗਿਆ ਕੇ ਹਰ ਪਾਸੇ ਬੱਲੇ-ਬੱਲੇ ਹੋ ਗਈ।ਕਿਧਰੇ ਅਮਰੀਕਾ ਵਿੱਚ ਸਨਮਾਨ ਤੇ ਕਿਧਰੇ ਰਾਜ ਗਾਇਕ ਤੇ ਕਿਧਰੇ ਪਦਮ ਸ਼੍ਰੀ,ਤੇ ਕਿਧਰੇ ਦਰਵੇਸ਼ ਜਿਹੇ ਟਾਈਟਲ ਨਾਲ ਸਨਮਾਨ ਮਿਲਿਆ। ਜਦੋਂ ਹਰ ਪਾਸੇ ਰਹਿਮਤਾਂ ਹੋ ਰਹੀਆਂ ਸਨ ਤਾਂ ਅਚਾਨਕ ਇਕ ਦਿਨ ਇਸ ਦਰਵੇਸ਼ ਨੂੰ ਇਕ ਮਝਾਰ ਦਾ ਗੱਦੀ ਨਸ਼ੀਨ ਬਣਨ ਦੀ ਖ਼ਬਰ ਆਈ ਤਾਂ ਮੇਰੇ ਜਿਹੇ ਮੁਰੀਦ ਦੇ ਮਨ ਚ ਗਿਆ ਕੇ ਲਗਦਾ ਇਸ ਬੰਦੇ ਦੀ ਸਾਧਨਾ ਤੋਂ ਰੱਬ ਨੇ ਖ਼ੁਸ਼ ਹੋ ਕੇ ਇਸ ਨੂੰ ਏਸ ਸੇਵਾ ਨਾਲ ਨਿਵਾਜਿਆ ਹੈ ਤੇ ਲਗਦਾ ਹੁਣ ਸਾਡਾ ਇਹ ਦਰਵੇਸ਼ ਅਜ ਤੋਂ ਉਸ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਸ਼ੁਕਰੀਆ ਅਦਾ ਕਰਨ ਲਈ ਆਪਣੀ ਰਹਿੰਦੀ ਜ਼ਿੰਦਗੀ ਉਸ ਦੇ ਚਰਣਾ ਚ ਉਸ ਦੀ ਉਸਤਤ ਵਿੱਚ ਲਾਏਗਾ।ਪਰ ਇਹ ਤਾਂ ਕੁੱਝ ਹੋਰ ਹੀ ਨਿਕਲਿਆ,ਇਹ ਤਾਂ ਇਕ ਨਵੇਂ ਲੜੀਵਾਰ ਨਾਟਕ ਦੀ ਪਹਿਲੀ ਕਿਸ਼ਤ ਹੋ ਨਿੱਬੜਿਆ।

ਵੱਡੇ ਵੀਰ ਜੇ ਤਾਂ ਆਪਾਂ ਹੁਣ ਇਕ ਦੂਜੇ ਦੇ ਸਨਮੁਖ ਬੈਠੇ ਹੁੰਦੇ ਤਾਂ ਮੈਨੂੰ ਮੇਰੇ ਹਰ ਸ਼ੰਕੇ ਦਾ ਤੇ ਸਵਾਲ ਦਾ ਜਵਾਬ ਨਾਲ ਦੀ ਨਾਲ ਮਿਲ ਜਾਂਦਾ ਪਰ ਹੁਣ ਤਾਂ ਮੈਂ ਇਕੱਲੇ ਸਵਾਲ ਹੀ ਕਰ ਸਕਦਾ ਕੇ ਇੰਜ ਉਹਨਾਂ ਕਿਉਂ ਕੀਤਾ? ਇੰਜ ਕਿਉਂ ਨਹੀਂ ਕੀਤਾ? ਚਲੋ ਜੋ ਵੀ ਹੈ ਜੇ ਹੁਣ ਮਨ ਹੋਲਾ ਕਰਨਾ ਤਾਂ ਸਵਾਲ ਤਾਂ ਕਰਨੇ ਹੀ ਪੈਣੇ ਹਨ ਤੇ ਇਹ ਵੀ ਮੈਨੂੰ ਪਤਾ ਕੇ ਜਿਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਹੁੰਦਾ ਉਹਨਾਂ ਦਾ ਜਵਾਬ ਵਕਤ ਹੀ ਦੇ ਸਕਦਾ ਹੈ।ਪਰ ਇਥੇ ਮੈਂ ਆਸ ਕਰਦਾ ਹਾਂ ਕੇ ਮੇਰੇ ਇਹਨਾਂ ਸ਼ੰਕਿਆਂ ਦਾ ਹੱਲ ਤੁਸੀ ਮੇਰੀ ਇਸ ਚਿੱਠੀ ਦਾ ਜਵਾਬ ਦੇ ਕੇ ਜਰੂਰ ਕਰੋਗੇ।

ਮੇਰੇ ਸਵਾਲਾਂ ਦੀ ਲੜੀ ਚ ਸਭ ਤੋਂ ਪਹਿਲਾਂ ਤਾਂ ਇਕ ਹੀ ਸਵਾਲ ਆਉਂਦਾ ਹੈ ਕਿ ਇਹੋ ਜਿਹੀ ਕਿਹੜੀ ਖਿੱਚ ਸੀ ਜੋ ਇਕ ਦਰਵੇਸ਼ ਨੂੰ ਫੇਰ ਕਲਯੁਗ ਵੱਲ ਮੋੜ ਲਿਆਈ? ਕਿਉਂਕਿ ਦੁਨੀਆਦਾਰੀ ਛੱਡ ਕੇ ਦਰਵੇਸ਼ ਬਣਦੇ ਤਾਂ ਦੇਖੇ ਸੀ ਪਰ ਇਕ ਦਰਵੇਸ਼ ਨੂੰ ਦੁਨੀਆਦਾਰੀ ਦੇ ਖੂਹ ਵਿੱਚ ਡਿਗਦੇ ਪਹਿਲੀ ਵਾਰ ਦੇਖਿਆ ਹੈ ਜਾਂ ਫੇਰ ਕਹਿ ਸਕਦੇ ਹਾ ਕਿ ਕਾਂ ਨੂੰ ਤਾਂ ਹੰਸ ਦੀ ਨਕਲ ਕਰਦੇ ਦੇਖਿਆ ਸੀ ਪਰ ਕਦੇ ਹੰਸ ਅਜਿਹਾ ਕਰਦੇ ਨਹੀਂ ਦੇਖੇ ਸੀ। ਚਲੋ ਉਹਨਾਂ ਦੇ ਕਹਿਣ ਮੁਤਾਬਿਕ ਮੰਨ ਲੈਂਦੇ ਹਾਂ ਕੇ ਉਹ ਦੀਨ ਦੁਖੀਆ ਦੀ ਸੇਵਾ ਕਰਨੀ ਚਾਹੁੰਦੇ ਸਨ ਤਾਂ ਅਜ ਤਕ ਤਾਂ ਮੈਂ ਸਿਆਸਤ ਤੇ ਸੇਵਾ ਦਾ ਸੁਮੇਲ ਨਹੀਂ ਦੇਖਿਆ। ਸੇਵਾ ਤਾਂ ਭਗਤ ਪੂਰਨ ਸਿੰਘ ਬਣ ਕੇ ਕੀਤੀ ਜਾ ਸਕਦੀ ਸੀ ਜਾ ਫੇਰ ਮੈਂ ਆਪਣੇ ਬਠਿੰਡੇ ਦੀ ਹੀ ਉਦਾਹਰਣ ਦੇ ਕੇ ਕਹਿ ਸਕਦਾ ਹਾਂ ਕੇ ਸੇਵਾ ਤਾਂ ਵਿਜੇ ਗੋਇਲ(ਸਹਾਰਾ) ਬਣ ਕੇ ਵੀ ਕੀਤੀ ਜਾ ਸਕਦੀ ਸੀ ਜਦੋਂ ਉਹ ਇੰਨੇ ਸੀਮਤ ਸਾਧਨਾ ਨਾਲ ਆਪਣੇ ਇਲਾਕੇ ਦੀ ਸੇਵਾ ਕਰ ਸਕਦੇ ਹਨ ਤਾਂ ਹੰਸ ਜੀ ਤਾਂ ਆਪਣੇ ਸਾਧਨਾ ਨਾਲ ਸਾਰੇ ਪੰਜਾਬ ਚ ਸੇਵਾ ਕਰ ਸਕਦੇ ਸਨ।
ਅਗਲੀ ਗਲ ਇਹ ਕਿ ਹੰਸ ਜੀ ਕਹਿੰਦੇ ਕੇ ਬਾਦਲ ਸਾਹਿਬ ਚਾਹੁੰਦੇ ਸੀ ਕੇ ਮੈਂ ਗ਼ਰੀਬ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਪਹੁੰਚਾਵਾਂ।ਪਹਿਲੀ ਗਲ ਤਾਂ ਇਹ ਕੇ ਜਦੋਂ ਬਾਦਲ ਪਰਵਾਰ ਹੋਵੇ ਜਾਂ ਕੈਪਟਨ ਪਰਵਾਰ ਹੋਵੇ ਉਹ ਤਾਂ ਸਾਰੀ ਉਮਰ ਚ ਗ਼ਰੀਬ ਦੀ ਆਵਾਜ਼ ਨੂੰ ਸੰਸਦ ਤਕ ਨਹੀਂ ਪਹੁੰਚਾ ਸਕੇ ਤਾਂ ਉਹਨਾਂ ਇਹ ਨਿਸ਼ਾਨਾ ਲਾਉਣ ਲਈ ਤੁਹਾਡਾ ਮੋਢਾ ਹੀ ਕਿਉਂ ਚੁਣਿਆ। ਦੂਜੀ ਗਲ ਇਹ ਕੇ ਜੇ ਉਹ ਚਾਹੁੰਦੇ ਹੀ ਸਨ ਇੰਜ ਕਰਨਾ ਤਾਂ ਉਹ ਤੁਹਾਨੂੰ ਸੰਸਦ ਵਿੱਚ ਦੂਜੇ ਰਾਹ ਯਾਨੀ ਕੇ ਰਾਜ ਸਭਾ ਦਾ ਮੈਂਬਰ ਬਣਾ ਕੇ ਵੀ ਤਾਂ ਨਾਮਜ਼ਦ ਕਰ ਸਕਦੇ ਸਨ।

ਇਥੇ ਮੈਂ ਜਨਾਬ ਹੰਸ ਰਾਜ ਜੀ ਦੀ ਤੁਲਨਾ ਸਰਦਾਰ ਮਨਮੋਹਨ ਸਿੰਘ ਨਾਲ ਕਰ ਰਿਹਾ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਨਾ ਲੱਗੇ ਪਰ ਮੈਨੂੰ ਇਸ ਵਿੱਚ ਕੋਈ ਬੁਰਾਈ ਨਹੀਂ ਦਿਸ ਰਹੀ ਤੇ ਨਾ ਹੀ ਕਿਸੇ ਗੱਲੋਂ ਮੈਨੂੰ ਹੰਸ ਰਾਜ ਡਾਕਟਰ ਮਨਮੋਹਨ ਸਿੰਘ ਨਾਲੋਂ ਘੱਟ ਦਿੱਖ ਰਿਹਾ ਹੈ ਜੇ ਮਨਮੋਹਨ ਸਿੰਘ ਦੀ ਪਕੜ ਅਰਥਚਾਰੇ ਤੇ ਹੈ ਤੇ ਦੁਨੀਆ ਭਰ ਚ ਲੋਕ ਉਹਨਾਂ ਦੀ ਸੋਝੀ ਮੂਹਰੇ ਨਸ ਮਸਤਕ ਹੁੰਦੇ ਹਨ ਤਾਂ ਇਹ ਦਰਵੇਸ਼ ਵੀ ਆਪਣੀ ਫੀਲਡ ਚ ਉਨ੍ਹਾਂ ਹੀ ਸਤਿਕਾਰੀ ਸਨ। ਬੱਸ ਫ਼ਰਕ ਸਿਰਫ਼ ਏਨਾ ਕੇ ਮਨਮੋਹਨ ਸਿੰਘ ਅਜ ਵੀ ਆਪਣੇ ਆਪ ਨੂੰ ਸਿਆਸਤ ਦਾਨ ਨਹੀਂ ਮੰਨਦਾ ਤੇ ਇਸ ਨੂੰ ਇਕ ਹਾਦਸਾ ਕਹਿੰਦਾ ਤੇ ਨਾ ਹੀ ਉਸ ਨੇ ਆਪਣੀ ਮਸ਼ਹੂਰੀ ਦਾ ਫ਼ਤਵਾ ਲੋਕਾਂ ਤੋਂ ਲੈਣ ਦੀ ਕੋਸ਼ਸ਼ ਕੀਤੀ।ਇਕ ਵੇਲਾ ਉਹ ਵੀ ਸੀ ਜਦੋਂ ਇਸ ਦਰਵੇਸ਼ ਗਾਇਕ ਦੇ ਮੂੰਹੋਂ ਨਿਕਲੀ ਇਕ ਇਕ ਗਲ ਦੀ ਲੋਕੀ ਕਦਰ ਪਾਉਂਦੇ ਸੀ ਤੇ ਇਸ ਦੀ ਦੂਰ-ਅੰਦੇਸ਼ੀ ਦੀਆ ਗੱਲਾਂ ਪਤਾ ਨਹੀਂ ਕਿੰਨੇ ਕੇ ਲੱਖਾਂ ਲੋਕੀ ਕਰਦੇ ਸਨ ਜੋ ਹੁਣ ਸੀਮਤ ਹੋ ਕੇ ਜਲੰਧਰ ਤਕ ਰਹਿ ਗਈਆਂ ਹਨ।

ਹੁਣ ਗਲ ਆਉਂਦੀ ਹੈ ਉਸਤਤ ਕਰਨ ਦੀ ਕੋਣ ਨਹੀਂ ਜਾਣਦਾ ਕੇ ਇਹ ਦਰਵੇਸ਼ ਜਦੋਂ ਕਦੇ ਰੱਬ ਦੀ ਉਸਤਤ ਕਰਨ ਬੈਠ ਜਾਂਦਾ ਸੀ ਤਾਂ ਸਾਰੀ ਕਾਇਨਾਤ ਨੂੰ ਉਸ ਰੰਗ ਵਿੱਚ ਰੰਗ ਦਿੰਦਾ ਸੀ ਭਾਵੇਂ ਉਸ ਨੇ ਧੁਰ ਕੀ ਬਾਣੀ ਦੇ ਸ਼ਬਦ ਗਾਇਨ ਕੀਤੇ ਤੇ ਭਾਵੇਂ ਸਰਲ ਭਾਸ਼ਾ ਚ ਬਾਜਾਂ ਵਾਲੇ ਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਣਿਆ ਨੂੰ ਗਾਇਆ।ਹਰ ਬਾਰ ਲੋਕ ਅਸ-ਅਸ ਕਰ ਉਠੇ ਸਨ।ਪਰ ਅਜ ਜਦੋਂ ਇਸ ਨਵੇਂ ਅਵਤਾਰ ਚ ਕਲਯੁਗੀ ਨੇਤਾਵਾਂ ਦੇ ਗੁਣ-ਗਾਣ ਤੇ ਪਰਵਾਰ ਵਾਦ ਨੂੰ ਵਧਾਵਾ ਦੇਣ ਵਾਲੀਆਂ ਦੀ ਔਲਾਦ ਨੂੰ ਦਾਤੇ ਕਹਿ ਕੇ ਉਹਨਾਂ ਦੀ ਉਸਤਤ ਉਸੇ ਜਬਾਨ ਨੂੰ ਕਰਦਿਆਂ ਦੇਖਿਆ ਤਾਂ ਮੇਰੀਆਂ ਸਾਰਿਆ ਸ਼ੰਕਾਵਾ ਦੂਰ ਹੋ ਗਈਆਂ ਕੇ ਇਹ ਅਫ਼ਵਾਹ ਨਹੀਂ ਸੀ ਪੱਕੀ ਗਲ ਹੀ ਹੈ ਕੇ ਦਰਵੇਸ਼ ਗਾਇਕ ਹੰਸ ਰਾਜ ਹੰਸ ਦਾ ਉਹ ਅਵਤਾਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਜਿਸ ਨੂੰ ਕਦੇ ਲੋਕਾਂ ਪੂਜਿਆ ਸੀ।

ਕਦੇ-ਕਦੇ ਮਨ ਚ ਇਹ ਖ਼ਿਆਲ ਵੀ ਆਉਂਦਾ ਹੈ ਕੇ ਨਹੀਂ ਇਕ ਦਰਵੇਸ਼ ਦੀ ਜ਼ਮੀਰ ਏਨੀ ਛੇਤੀ ਨਹੀਂ ਮਰ ਸਕਦੀ ਕਿਤੇ ਇਹ ਤਾਂ ਨਹੀਂ ਸੀ ਕੇ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਨੂੰ ਹੋਰ ਹੋਣ ਤੇ ਅਸੀਂ ਹੀ ਸਿੱਕੇ ਦਾ ਦੂਜਾ ਪਾਸਾ ਨਾ ਦੇਖ ਸਕੇ ਹੋਈਏ। ਪਰ ਵੀਰ ਕਿ ਕਰੀਏ ਸਾਡਾ ਕੋਈ ਕਸੂਰ ਨਹੀਂ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਲਯੁਗੀ ਜੀ ਹਾਂ ਸੋ ਸਾਡਾ ਕੀ ਕਸੂਰ ਐਵੇਂ ਅਵਾ-ਧਵਾ ਸੋਚੀ ਜਾਣੇ ਹਾਂ।

ਭਾਵੇਂ ਕੁਝ ਕਾਰਣਾ ਕਰ ਕੇ ਹੰਸ ਜੀ ਨੂੰ ਨਵਾਂ ਅਵਤਾਰ ਲੈਣਾ ਪੈ ਗਿਆ ਹੋਵੇ ਪਰ ਵੀਰ ਤੁਹਾਨੂੰ ਨਹੀਂ ਲਗਦਾ ਕਿ ਸਸਤਾ ਆਟਾ ਦਾਲ ਤੇ ਮੁਫ਼ਤ ਬਿਜਲੀ ਆਦਿ ਦੇ ਗੀਤ ਹੰਸ ਜੀ ਨੂੰ ਖ਼ੁਦ ਗਾਉਣੇ ਲਾਜ਼ਮੀ ਸਨ? ਚਲੋ ਇਹ ਵੀ ਕੋਈ ਗਲ ਨਹੀਂ ਕੋਈ ਬੁਰਾਈ ਨਹੀਂ ਹੈ ਇਸ ਵਿੱਚ ਪਰ ਕੀ ਕਾਕਾ ਜੀ ਦੀ ਉਸਤਤ ਕਰਨੀ ਜਰੂਰੀ ਸੀ? ਕਿ ਇੰਜ ਕਰਨ ਲੱਗਿਆ ਉਹਨਾਂ ਨੂੰ ਆਪਣੇ ਕੱਦ ਦਾ ਅਹਿਸਾਸ ਨਹੀਂ ਹੋਇਆ?ਜਿਸ ਇਨਸਾਨ ਦਾ ਦਾਇਰਾ ਸਾਰੀ ਦੁਨੀਆ ਸੀ ਤੇ ਇਕ ਛੋਟੀ ਜਿਹੀ ਰਾਜਨੀਤਕ ਪਾਰਟੀ ਵਿੱਚ ਉਹ ਕਿਉਂ ਸਿਮਟ ਗਿਆ?

ਵੀਰ ਅਜ ਜਦੋਂ ਮੈਂ ਪੱਤਰ ਲਿਖ ਰਿਹਾ ਸੀ ਤਾਂ ਮੇਰਾ ਇਕ ਨਜਦੀਕੀ ਦੋਸਤ ਕੋਲ ਆ ਗਿਆ ਤੇ ਕਹਿਣ ਲੱਗਿਆ ਯਾਰ ਤੂੰ ਤਾਂ ਕੁੱਝ ਜਿਆਦਾ ਹੀ ਭਾਵੁਕ ਹੋ ਗਿਆ ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਆਰਟੀਕਲ ਲਿਖ ਕੇ ਰੌਲਾ ਪਾਇਆ ਤੇ ਹੁਣ ਵੀ ਰੋਈ ਜਾਂਦਾ ਹੈ।ਪਰ ਵੀਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਜੇ ਕਿਸੇ ਨੂੰ ਆਪਾਂ ਦਿਲੋਂ ਚਾਹੁੰਦੇ ਹੋਈਏ ਤਾਂ ਇਹੋ ਜਿਹੀ ਸੱਟ ਝੱਲਣੀ ਕੁੱਝ ਔਖੀ ਹੀ ਹੁੰਦੀ ਹੈ।ਮਾਫ਼ ਕਰਨਾ ਵੀਰ ਮੈਂ ਕੁੱਝ ਆਪਣੀ ਔਕਾਤ ਤੋਂ ਜਿਆਦਾ ਹੀ ਲਿਖ ਗਿਆ ਲੱਗਦਾ ਹਾਂ ਤੇ ਤੁਹਾਡਾ ਕੀਮਤੀ ਵਕਤ ਲੈਣ ਲਈ ਵੀ ਮਾਫ਼ੀ ਮੰਗਦਾ ਹਾਂ। ਭਾਵੇਂ ਢਿੱਡ ਤਾਂ ਹਾਲੇ ਪਤਾ ਨਹੀਂ ਕਿੰਨੇ ਕੇ ਸਵਾਲਾਂ ਨਾਲ ਭਰਿਆ ਪਿਆ ਹੈ ਪਰ ਜੇ ਕਦੇ ਰੱਬ ਨੇ ਮਿਲਾਇਆ ਤਾਂ ਜਰੂਰ ਹੌਲਾ ਕਰਾਂਗਾ।

ਤੁਹਾਡਾ ਛੋਟਾ ਵੀਰ
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ
Post a Comment