ਜਜ਼ਬਾਤਾਂ ਦੀ ਲੜੀ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਮੇਰੇ ਜਜ਼ਬਾਤਾਂ ਦੀ ਲੜੀ
ਬਹੁਤ ਲੰਬੀ
ਲੰਬੀ ਤੇ ਬਹੁਤ ਡੂੰਘੀ
ਚਲਦੀ ਹੈ ਤਾਂ

ਰੁਕਨ ਦਾ ਨਾਮ ਨਹੀਂ ਲੈਂਦੀ
ਨਾਂ ਇਸਦਾ ਆਦਿ ਦਿਸਦਾ ਹੈ
ਨਾਂ ਕੋਈ ਅੰਤ ਹੁੰਦਾ ਹੈ
ਦਿਨ ਤੇ ਰਾਤ
ਇੱਕ ਅਟੁੱਟ ਲੜੀ
ਦਿਲ ਦੇ
ਜਿੰਦਗੀ ਦੇ
ਖੁਸ਼ੀ ਦੇ
ਤੇ ਗਮ ਦੇ
ਹਰ ਕੋਨੇ ਨੂੰ ਛੂੰਹਦੀ ਹੈ
ਕਿਸੇ ਦੀ ਵਫਾ ਨੂੰ ਯਾਦ ਕਰਦੀ ਹੈ
ਜਾਂ ਬੇਵਫਾਈ ਤੇ ਰੋਂਦੀ ਹੈ

ਜਜ਼ਬਾਤਾਂ ਦੀ ਇਹ ਲੜੀ
ਰਿਸ਼ਤਿਆਂ ਦੇ ਅਰਥ ਲੱਭਦੀ ਹੈ
ਰਿਸ਼ਤਾ ਬਣਾਉਂਦੀ ਹੈ
ਮਨਾਂ ਦੇ ਤਾਰ ਛੂੰਹਦੀ ਹੈ
ਤੇ ਮਨ ਦੇ ਗੀਤ ਸੁਣਦੀ ਹੈ
ਦਿਲ ਨਜ਼ਦੀਕ ਕਰਦੀ ਹੈ
ਜਾਂ ਕੋਹਾਂ ਦੂਰ ਕਰਦੀ ਹੈ

ਮੇਰੇ ਜਜ਼ਬਾਤਾਂ ਦੀ ਲੜੀ
ਟੁੱਟਦੀ ਹੈ ਤਾਂ
ਅਸਹਿ ਦਰਦ
ਦਰਦ ਦੀ ਚੀਸ
ਜਿੰਦਗੀ ਦੀ ਬੇਬਸੀ
ਕਿਸੇ ਦੀ ਬੇਕਸੀ
ਦਿਲ ਦੇ ਖੂਨ ਹੋਣ
ਖੂਨ ਦੇ ਆਂਸੂ ਰੋਣ
ਦਾ ਅਹਿਸਾਸ ਦਿੰਦੀ ਹੈ
ਅੱਖਾਂ ਨਹੀਂ
ਬਸ ਮਨ ਹੀ ਰੋਂਦਾ ਹੈ
ਹਰ ਗਮ ਤੇ
ਹਰ ਹਾਰ ਤੇ
ਜਜ਼ਬਾਤਾਂ ਤੇ ਹੋਏ ਵਾਰ ਤੇ

ਭਾਰਤੀ ਇਸ ਲੜੀ ਨੂੰ
ਬਿਖਰਦੇ ਹੋਏ
ਸਿਸਕਦੇ ਜੋਏ
ਸਿਮਟਦੇ ਹੋਏ ਵੇਖਦਾ ਹੈ।

ਤੇ ਫਿਰ
ਜਜ਼ਬਾਤਾਂ ਤੋਂ ਬਾਹਰ ਨਿਕਲਦੇ ਹੀ
ਜਿੰਦਗੀ ਦੀ ਸੱਚਾਈ ਰੂਬਰੂ ਹੁੰਦੀ ਹੈ
ਜਜ਼ਬਾਤ
ਕਿਤੇ ਦੂਰ ਰਹਿ ਜਾਂਦੇ ਹਨ
ਆਪਣੇ ਆਪ ਮਰਨ ਲਈ
ਦਫਨ ਹੋ ਜਾਣ ਲਈ। 
Post a Comment