ਉਹ ਲੋਕ ਬੜੇ ਬਦਨਸੀਬ ਹੁੰਦੇ ਹਨ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

"ਉਹ ਲੋਕ ਬੜੇ ਬਦਨਸੀਬ ਹੁੰਦੇ ਹਨ...ਜਿਨ੍ਹਾਂ ਦੇ ਘਰ ਹੁੰਦੇ ਨੇ"
ਗੋਰਖੀ ! ਤੇਰੇ ਇਸ ਸੱਚ ਲਈ...ਜਾ ਤੈਨੂੰ ਸੱਤ ਝੂਠ ਮੁਆਫ਼...!
ਸੱਚੀਂ! ਮੈਂ ਆਪਣੀ ਘਰ ਦੀ ਚਾਰ ਦੀਵਾਰੀ ਅੰਦਰ ਹੀ ਖਾਨਾਬਦੋਸ਼ ਹਾਂ
ਚਾਰ ਦੀਵਾਰੀਆਂ ਕਦੀ ਘਰ ਹੀ ਨਹੀਂ ਹੁੰਦੀਆਂ

ਉਹ ਆਪਣੇ ਆਪ ਵਿਚ ਇਕ ਕੁਰੂਕਸ਼ੇਤਰ ਵੀ ਹੁੰਦੀਆਂ ਨੇ
ਜਿੱਥੇ ਕਿਸੇ ਅਰਜੁਨ ਦਾ ਕੋਈ ਕ੍ਰਿਸ਼ਨ ਕੋਚਵਾਨ ਨਹੀਂ ਹੁੰਦਾ
ਇੱਥੇ ਹਰ ਯੁੱਧ ਖ਼ੁਦ ਤੋਂ ਸ਼ੁਰੂ ਹੋ ਕੇ...ਖੁ਼ਦ ਤੇ ਹੀ ਸਮਾਪਦਾ ਹੈ...!!
ਬੁੱਢੇ ਹਾਸੇ ਤੋਹਮਤ ਵਾਂਗ ਹੋਸ਼ ਵਿਚ ਆਉਂਦੇ ਨੇ-
ਘਰ ਦੀਆਂ ਝੀਥਾਂ ਚੋਂ ਹਮਦਰਦ ਨਹੀਂ.. ਪਿੰਡ ਦੇ ਚੁਗਲ ਸਿੰਮਦੇ ਹਨ!
ਮੈਂ ਵਣਜਾਰੇ ਪੈਰਾਂ ਨੂੰ ਕਿਸੇ ਬਦਅਸੀਸ ਵਾਂਗ ਲੈ ਕੇ
ਜਦੋਂ ਮਕਸਦਹੀਣ ਰਾਹਾਂ ਦੇ ਬਲਾਤਕਾਰ ਲਈ ਨਿਕਲਦਾ ਹਾਂ
ਉਦੋਂ ਘਰ ਨੂੰ ਕਿਸੇ ਭੈੜੇ ਸੁਪਨੇ ਵਾਂਗ
ਵਿਸਾਰ ਦੇਣ ਦੀ ਨਾਕਾਮ ਜਿਹੀ ਕੋਸਿ਼ਸ਼ ਕਰਦਾ ਹਾਂ..!
ਪਰ ਬੜਾ ਬਦਨਸੀਬ ਹਾਂ ਮੈਂ...ਕਿ ਮੇਰਾ ਇਕ ਘਰ ਵੀ ਹੈ
ਤੇ ਘਰ ਛੱਡ ਕੇ ਤੁਰ ਜਾਣ ਲਈ ਹੀ ਨਹੀਂ...ਪਰਤ ਕੇ ਆਉਣ ਲਈ ਵੀ ਹੁੰਦੇ ਨੇ
ਓਦੋਂ ਤਾਈਂ ਦੁਖਿਆਰੀ ਮਾਂ.. ਛਾਤੀ ਦੇ ਦੁੱਧ ਬਦਲੇ
ਉਡੀਕ ਦੀਆਂ ਬਾਹਵਾਂ 'ਚ ਪੁੱਤ ਦੀ ਪਿੱਠ ਨਹੀਂ....ਚੰਨ ਬੂਥਾ ਲੋਚਦੀ ਹੈ....!!
ਮੇਰੇ ਘਰੇਲੂ ਹਾਸਿਆਂ ਵਿਚ...ਵਕਤ ਦਾ ਮਾਤਮ ਵੀ ਸ਼ਾਮਿਲ ਹੈ
ਮੈਨੂੰ ਘਰ ਦੀਆਂ ਨੀਹਾਂ 'ਤੇ ਸ਼ੱਕ ਹੈ
ਜਿਵੇਂ ਕਿਸੇ ਨੇ ਉਨ੍ਹਾਂ 'ਚ ਬੰਜਰ ਬੀਜਿਆ ਹੋਵੇ
ਤੇ ਕੰਧਾਂ ਦੀ ਥਾਂ ਜਿਵੇਂ ਖੰਡਰ ਉੱਗ ਆਏ ਹੋਣ....!
ਬਨੇਰਿਆਂ 'ਤੇ ਬੈਠੀ ਲੋਕਾਂ ਦੀ ਮੀਸਣੀ ਅੱਖ
ਮੇਰੇ ਘਰ ਦੀ ਬਰਬਾਦੀ ਨਹੀਂ-ਸਗੋਂ ਬਚੀ ਖੁਚੀ ਖੁਸ਼ੀ ਦਾ ਜਾਇਜ਼ਾ ਲੈ ਰਹੀ ਹੈ
'ਖੁਸ਼ੀ ਮੁਟਿਆਰ ਹੋ ਗਈ ਧੀ ਵਾਂਗ ਹੁੰਦੀ ਏ
ਤੇ ਜਿਥੇ ਸੱਪ ਦਾ ਡੰਗ ਖ਼ਤਮ ਹੁੰਦਾ ਹੈ
ਉੱਥੇ ਖੁ਼ਦਗ਼ਰਜ਼ ਸ਼ਰੀਕਾਂ ਦੀ ਹਮਦਰਦੀ ਦਾ ਪਹਿਲਾ ਹਰਫ਼
ਬੂਹੇ 'ਤੇ ਜ਼ਹਿਰੀਲਾ ਦਸਤਕ ਬਣਦਾ ਹੈ...!!!
Post a Comment