ਦੋਹੇ.......... ਨਜ਼ਮ/ਕਵਿਤਾ / ਪ੍ਰਮਿੰਦਰਜੀਤ

ਇਕ ਲਟਬੌਰੀ ਜ਼ੁਲਫ਼ ਨੇ ਉਮਰਾਂ ਦਿੱਤੀਆਂ ਰੋਲ਼
ਬੁਝੀ ਅਗਨ ‘ਚੋਂ ਕਿਸ ਤਰ੍ਹਾਂ ਲੈਂਦੇ ਚਿਣਗ ਫਰੋਲ

ਕਿੰਜ ਧਰਦੇ ਦਰਵੇਸ਼ੀਆਂ ਕਿਵੇਂ ਹੰਢਾਉਂਦੇ ਜੋਗ
ਨਿਵੇ ਅਸਾਡੇ ਨਾਲ਼ ਨਾ, ਤਨ ਮਨ ਦੇ ਸੰਜੋਗ


ਸੁਰਤੀ ਤਾਂ ਸੀ ਜਾਗਦੀ, ਕਈ ਕੁਝ ਬੀਤ ਗਿਆ
ਤਨ ਦੇ ਗੁੰਬਦ ‘ਚੋਂ ਕੋਈ ਜਿਉਂ ਹੋਇਆ ਲਾ ਪਤਾ

ਸਾਥੋਂ ਪਾਇਆ ਨਾ ਗਿਆ ਇਕ ਦੂਜੇ ਦਾ ਭੇਤ
ਭਾਵੇਂ ਵਰ੍ਹਿਆਂ ਦੀ ਸਿਰਾਂ ਤੋਂ ਕਿਰਦੀ ਜਾਵੇ ਰੇਤ

ਜੇ ਤੂੰ ਰੱਖੀ ਤੋਰ ਕੇ ਸੁਰਤ ਸਮੇਂ ਦੇ ਨਾਲ਼
ਤਾਂ ਹੀ ਜਗਦੇ ਰਹਿਣਗੇ ਸ਼ਬਦ ਸੁਹਜ ਸੁਰਤਾਲ
Post a Comment