ਪੱਥਰ ੳੱਤੇ ਵਾਹ ਕੇ.......... ਗ਼ਜ਼ਲ / ਸਾਧੂ ਸਿੰਘ (ਪ੍ਰੋ:)

ਪੱਥਰ ੳੱਤੇ ਵਾਹ ਕੇ ਪੱਕੀ ਲੀਕ ਗਏ
ਮੇਰੇ ਦਿਲ ਤੇ ਅਪਣਾ ਨਾਮ ਉਲੀਕ ਗਏ

ਮੇਰੀ ਸੂਰਤ ਪੱਥਰ ਦੇ ਵਿਚ ਢਾਲ਼ ਗਏ
ਆਪ ਗਏ ਜਿਉਂ ਪਾਣੀ ਉਤੋਂ ਲੀਕ ਗਏ


ਸਾਡੇ ਜੁੰਮੇ ਸੌਂਪੀ ਪੀੜ ਲੋਕਾਈ ਦੀ
ਹੋ ਕੇ ਸੱਤ ਬੇਗਾਨੇ ਤੁਰਦੇ ਮੀਤ ਗਏ

ਸਾਨੂੰ ਮਰਜ਼ਾਂ ਇਸ਼ਕੇ ਤੋਂ ਵੀ ਚੰਦਰੀਆਂ
ਵੈਦ ਧਨੰਤਰ ਵੇਂਹਦਿਆਂ ਅੱਖਾਂ ਮੀਟ ਗਏ

ਹਾਲੀਂ ਹਰ ਸੂਰਤ ਵਿਚ ਮਹਿਰਮ ਦਿਸਿਆ ਨਾ
ਕੀਕਣ ਆਖਾਂ ਯੁੱਗ ਬ੍ਰਿਹੋਂ ਦੇ ਬੀਤ ਗਏ

ਤਖਤਾਂ ਤੋਂ ਤਵੀਆਂ ਤੋਂ ਲੱਥੇ ਬਲ ਬਲ ਕੇ
ਤੱਤੀਆਂ ਤਵੀਆਂ ਉਤੋਂ ਠੰਢੇ ਸੀਤ ਗਏ
Post a Comment