ਜੇ ਤਿਤਲੀ ਦੋਸਤੀ ਦੀ ਮਰ ਗਈ.......... ਗ਼ਜ਼ਲ / ਸੁਲੱਖਣ ਸਰਹੱਦੀ

ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ

ਮੈਂ ਸਾਰੇ ਰੰਜ ਦੇ ਅੰਗਿਆਰ ਦਿਲ ਵਿਚ ਦੱਬਕੇ ਆਇਆਂ
ਹਵਾ ਜੇ ਕੋਈ ਕਾਰਾ ਕਰ ਗਈ ਤਾਂ ਫਿਰ ਨਾ ਕਹਿਣਾ


ਤੂੰ ਆਪਣੀ ਜਿੱਤ ਦੇ ਹਰ ਹਾਰ ਵਿੱਚ ਮੈਨੂੰ ਪਰੋਨਾ ਏਂ
ਇਵੇਂ ਜੇ ਮੇਰੀ ਖੁਸ਼ਬੂ ਮਰ ਗਈ ਤਾਂ ਫੇਰ ਨਾ ਕਹਿਣਾ

ਸਦਾ ਦਿਲ ਤੇ ਖੰਜਰ ਲਾਉਣ ਦੀ ਤੇਰੀ ਜੋ ਆਦਤ ਹੈ
ਮੇਰਾ ਜੇ ਦਿਲ ਹੀ ਪੱਥਰ ਕਰ ਗਈ ਤਾਂ ਫੇਰ ਨਾ ਕਹਿਣਾ

ਤੂੰ ਆਪਣੇ ਸੁਪਨਿਆਂ ਦੀ ਲਾਸ਼ ਉਤੇ ਕਿਸ ਤਰ ਸੌਨੈਂ
ਜੇ ਕੱਲ ਨੂੰ ਨੀਂਦ ਤੇਰੀ ਮਰ ਗਈ ਤਾਂ ਫੇਰ ਨਾ ਕਹਿਣਾ

ਮੈਂ ਤੇਰੇ ਸਾਹਮਣੇ ਤਾਂ ਆਪਣੇ ਮਨ ਨੂੰ ਮਾਰ ਆਊਂ
ਪਰੰਤੂ ਦਰਦ ਅੱਖੀਂ ਤਰ ਗਈ ਤਾਂ ਫੇਰ ਨਾ ਕਹਿਣਾ

ਬਦਲਦੇ ਨੇ ਜਦੋਂ ਅਹਿਸਾਸ, ਮੌਸਮ ਬਦਲ ਜਾਂਦੇ ਨੇ
ਜੇ ਬਲ ਪਈ ਚਾਨਣੀ, ਧੁੱਪ ਠਰ ਗਈ ਤਾਂ ਫੇਰ ਨਾ ਕਹਿਣਾ

ਜਿੰਨੇ ਗੀਤਾਂ ਦੀ ਖਾਤਰ ਹੀ ਕਰਾਏ ਛੇਕ ਸੀਨੇ ਵਿਚ
ਉਹ ਵੰਝਲੀ ਚੁੱਪ ਰਹਿਣਾ ਜਰ ਗਈ ਤਾਂ ਫੇਰ ਨਾ ਕਹਿਣਾ

No comments: