ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ.......... ਲੇਖ / ਰੋਜ਼ੀ ਸਿੰਘ

ਕਿੰਨੇ ਕੰਮ ਨੇ ਜਿਹੜੇ ਮਸ਼ੀਨਾ ਨਾਲ ਅੱਖ ਚਮੱਕਦੇ ਈ ਮੁੱਕ ਜਾਂਦੇ ਨੇ, ਕਿੰਨੇ ਕੰਮ ਨੇ ਜਿਹੜੇ ਘਰੇ ਬੈਠਿਆਂ ਈ ਨੇਪਰੇ ਚੜ੍ਹ ਜਾਂਦੇ ਨੇ, ਕਿੰਨੀਆਂ ਸਲਾਹਵਾਂ ਨੇ ਜਿਹੜੀਆਂ ਟੈਲੀਫੋਨ ਤੇ ਈ ਫੈਸਲੇ ਦਾ ਪਹਿਰਾਵਾ ਪਹਿਣ ਲੈਂਦੀਆਂ ਨੇ, ਕਿੰਨੀਆਂ ਹੀ ਰਿਸਤੇਦਾਰੀਆਂ ਮਾਹਿਜ ਐਸ.ਐਮ.ਐਸ. ਅਤੇ ਇੰਟਰਨੈਟ ਤੇ ਈ ਨਿਭਦੀਆਂ ਜਾ ਰਹੀਆਂ ਨੇ, ਫਿਰ ਵੀ ਇਹ ਦੌੜ ਕੇਹੀ ਏ.....? ਜਹਾਨ ’ਤੇ ਭੀੜ ਵੱਧਦੀ ਹੀ ਜਾ ਰਹੀ ਏੇ, ਚਾਰ-ਚੁਫ਼ੇਰੇ ਲੋਕਾਂ ਦਾ ਹੜ੍ਹ ਪਿਆ ਆਇਆ ਹੋਇਐ। ਕਿਧਰੋਂ ਕਿਧਰ ਜਾ ਰਹੇ ਨੇ ਲੋਕ ਵਾਹੋਦਾੜੀ....? ਬੱਸਾਂ, ਰੇਲਾਂ, ਕਾਰਾਂ, ਜਹਾਜਾਂ ਸਭ ਥਾਈਂ ਖਲਕਤ ਦਾ ਸੈਲਾਬ ਪਿਆ ਪਸਰਿਆ ਹੋਇਐ, ਜਿਸ ਵਿੱਚ ਬੰਦਾ ਤਾਂ ਗੁਆਚ ਈ ਜਾਂਦੈ। ਸੜਕਾਂ ‘ਤੇ, ਗਲੀਆਂ ’ਚ ਬਜਾਰਾਂ, ਦੁਕਾਨਾ ਅੰਦਰ ਲੋਕਾਂ ਦੀਆਂ ਡਾਰਾਂ ਨੇ । ਸਾਰਿਆਂ ਨੂੰ ਕਾਹਲੀ ਏ, ਇੱਕ ਦੂਜੇ ਨੂੰ ਪਿਛੇ ਛੱਡ ਕੇ ਕਾਹਲੇ ਕਦਮੀਂ ਅੱਗੇ ਪਏ ਵਧਦੇ ਜਾਂਦੇ ਨੇ। ਜਿਵੇਂ ਕਿਸੇ ਦੀ ਭਾਲ ਵਿੱਚ ਹੋਣ, ਜਿਵੇਂ ਕੁਝ ਗੁਆਚ ਗਿਆ ਹੋਵੇ। ਖੁੱਸੀ ਹੋਈ ਸ਼ੈਅ ਜਦ ਨਾ ਮਿਲੇ ਤਾਂ ਚਿਹਰੇ ’ਤੇ ਜਿਹੜੀ ਸ਼ਿਕਨ ਹੁੰਦੀ ਏ ਭੀੜ ਦੇ ਚਿਹਰੇ ’ਤੇ ਵੀ ਇੰਝ ਦੀ ਹੀ ਕੁਝ ਪਰੇਸ਼ਾਨੀ ਪਈ ਝਲਕਦੀ ਏ। ਆਖਿਰ ਕਿਸ ਦੀ ਭਾਲ ’ਚ ਨੇ ਇਹ ਲੋਕ....? ਕੀ ਭਾਲਦੇ ਨੇ....? ਕਾਹਦੀਆਂ ਛੇਤੀਆਂ ਨੇ...? ਅਕਲ ਦੇ ਖਾਨਿਆਂ ਵਿੱਚ ਇਹ ਗੱਲ ਨਈਂ ਵੜਦੀ....!
ਸਕੂਨ ਕੋਈ ਮੁੱਲ ਦੀ ਸ਼ੈਅ ਥੋੜਾ ਏ, ਜਿਹੜੀ ਤੁਹਾਡੇ ਤੋਂ ਪਹਿਲਾਂ ਈ ਕੋਈ ਸਾਰੀ ਦੀ ਸਾਰੀ ਖਰੀਦ ਕੇ ਲੈ ਜਾਵੇਗਾ, ਜਾਂ ਤੁਹਾਡੇ ਵੇਖਦੇ ਵੇਖਦੇ ਕੋਈ ਵੱਧ ਮੁੱਲ ਦੇ ਕਿ ਆਪਣੀ ਝੋਲੀ ਵਿੱਚ ਪਵਾ ਲਵੇਗਾ। ਖੁਸ਼ੀਆਂ ਕੋਈ ਬਜਾਰ ਵਿਕਦੀਆਂ ਸ਼ੁਰਖੀਆਂ ਨਈਂ ਹੁੰਦੀਆਂ, ਜਿਹੜੀਆਂ ਜਦੋਂ ਜੀ ਕੀਤਾ ਜਿਹੜੇ ਰੰਗਾਂ ਦੀਆਂ ਪਸੰਦ ਆਈਆਂ ਖ੍ਰੀਦ ਕਿ ਬੁੱਲਾਂ ’ਤੇ ਸਜਾ ਲਈਆਂ, ਤੇ ਨਾ ਈ ਹਾਸੇ ਦੰਦਾਂ ਨੂੰ ਸੋਨੇ ਦੇ ਕਵਰ ਚੜਾਉਂਣ ਨਾਲ ਸੁਨਿਹਰੀ ਹੋ ਜਾਂਦੇ ਨੇ। ਕਿਉਂ ਜੋ ਹਾਸੇ ਦਾ ਸਬੰਧ ਖੁਸ਼ੀ ਤੇ ਸਕੂਨ ਦੋਵਾਂ ਸ਼ੈਵਾਂ ਨਾਲ ਏ, ਪਰ ਇਹ ਦੋਵੇਂ ਸ਼ੈਵਾਂ ਸਾਡੇ ਤੋਂ ਕੋਹਾਂ ਦੂਰ ਨੱਸ ਗਈਆਂ ਨੇ, ਖੂਸ਼ੀਆਂ ਨੇ ਤਾਂ ਬਸ ਥਰਮੋਕੋਲ ਦੇ ਗਲਾਸਾਂ ਵਰਗੀਆਂ ਜਿਨਾਂ ਨੂੰ ਦੁਬਾਰਾ ਧੋ ਕੇ ਨਹੀਂ ਵਰਤ ਸਕਦੇ। ਹਾਸੇ ਵੀ ਵਿਆਹਾਂ ਵਿੱਚ ਬੱਚਿਆਂ ਲਈ ਮਿਲਦੇ ਮਾਈ ਬੁੱਢੀ ਦੇ ਝਾਟੇ ਵਰਗੇ ਨੇ ਜਿਹੜੇ ਮੂੰਹ ’ਚ ਪਾਇਆਂ ਈ ਠੁੱਸ ਹੋ ਜਾਂਦੇ ਨੇ। ਜਿਵੇਂ ਬੱਤੀ ਝਮੱਕਾ ਮਾਰ ਕਿ ਗਈ ਹੋਵੇ ਤਾਂ ਬਲਬ ਵਿੱਚ ਤਾਰ ਜਿਹੀ ਕੁਝ ਸੈਕਿੰਡ ਲਈ ਜਗਦੀ ਰਹਿੰਦੀ ਏ।
ਕਦੀ ਸਮਾਂ ਸੀ ਜਦ ਹਾਸੇ ਇਲਾਚੀਦਾਣਾ ਵੇਚਣ ਵਾਲੇ ਭਾਈ ਦੇ ਬਾਂਸ ਉਪਰਲੇ ਹਿੱਸੇ ’ਤੇ ਲੱਗੇ ਗੱਟੇ ਵਰਗੇ ਸਨ, ਜਿਨੂੰ ਇੱਕ ਵਾਰ ਖਿਚਣਾ ਸ਼ੁਰੂ ਕਰੋ ਤਾਂ ਲੰਬੀ ਸਾਰੀ ਲੀਰ ਨਿਕਲਦੀ ਆਉਦੀ ਏ। ਸੱਥਾਂ ਵਿੱਚ, ਬੋਹੜਾਂ ਥੱਲੇ, ਸਹਿਰਾਂ ਦੇ ਚੌਕਾਂ ਵਿੱਚ ਤੇ ਜਿਥੇ ਵੀ ਚਾਰ ਬੰਦੇ ਇਕੱਠੇ ਹੋਂਦੇ ਸੀ ਬਸ ਹਾਸਿਆਂ ਤੇ ਖੁਸ਼ੀਆਂ ਦਾ ਕੋਈ ਸ਼ੁਰੂਆਤੀ ਸਿਰਾ ਨਾਂ ਮਿਲਦਾ ਤੇ ਨਾ ਹੀ ਅਖੀਰਲਾ ਮੁਕਾਮ। ਗਾਣਿਆਂ ਵਾਲੀ ਟੇਪ ਦਾ ਜੇ ਸਾਰਾ ਫੀਤਾ ਰੀਲਾਂ ਤੋਂ ਖਿੱਚ ਕਿ ਢੇਰੀ ਕਰ ਦਿੱਤਾ ਜਾਵੇ ਤਾਂ ਉਸਦੇ ਸਿਰੇ ਨਹੀਂ ਮਿਲਦੇ ਨਾ ਪਹਿਲਾ ਨਾ ਅਖੀਰਲਾ ਇਵੇਂ ਹੀ ਖੁਸ਼ੀਆਂ ਤੇ ਹਾਸਿਆਂ ਦਾ ਕੋਈ ਅਗਾਜ ਨਹੀਂ ਸੀ ਤੇ ਨਹ ਹੀ ਕੋਈ ਅੰਤ ਸੀ। ਪਰ ਹੁਣ ਤੇ ਪੂਰੀ ਜਿੰਦਗੀ ਦਿਸ਼ਾਹੀਣ ਜਿਹੀ ਲਗਦੀ ਏ, ਜਿਸਦਾ ਕੋਈ ਆਗਾਜ਼ ਨਹੀਂ ਤੇ ਨਾ ਹੀ ਕੋਈ ਮੁਕਾਮ ਨਜ਼ਰ ਆਉਂਦਾ ਏ। ਬੇ-ਅਰਾਮ ਰੂਹਾਂ ਵਾਂਗ, ਕਿਧਰੇ ਵੀ ਅਰਾਮ ਨਹੀਂ ਏ। ਚਿਹਰਿਆਂ ‘ਤੇ ਬਦਗੁਮਾਨੀ ਦਾ ਗੁਬਾਰ ਜਿਹਾ ਏ.....!
ਪੰਜਾਬੀ ਦਾ ਇੱਕ ਬੜਾ ਚੰਗਾ ਲੋਕ ਗੀਤ ਏ ਜਿੰਦੂਆ ਪਹਿਲਾਂ ਮੈਂ ਇਸ ਦੀਆਂ ਕੁਝ ਲਾਇਨਾ ਤੁਹਾਨੂੰ ਸੁਣਾ ਦੇਵਾਂ ਅਗਲੀ ਗੱਲ ਫਿਰ ਕਰਦੇ ਆਂ:
ਚੱਲ ਜਿੰਦੂਆ ਵੇ ਚੱਲ ਚੱਲੀਏ ਬਜਾਰੀ,
ਜਿਥੇ ਨੇ ਵਿਕਦੇ ਰੁਮਾਲ,
ਹਾੜਾ ਵੇ ਜਿੰਦੂਆ ਬੁਰਾ ਵਿਛੋੜਾ
ਲੈ ਚੱਲ ਆਪਣੇ ਨਾਲ
ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ
ਚੱਲੀਏ ਸੌਕੀਨੀ ਲਾ
ਕੰਨ ਵਿੱਚ ਮੁੰਦਰਾਂ ਸਿਰ ਤੇ ਸ਼ਮਲਾ ਗਲ ਵਿੱਚ ਕੈਂਠਾ ਪਾ
ਬੜੀ ਫੱਬਦੀ ਏ, ਸੋਹਣੀ ਲਗਦੀ ਏ ਜਿਹੜੀ ਜੈਕਟ ਪਾਈ ਆ ਓ ਜਿੰਦੂਆ
ਵੇ ਦੱਸ ਕਿਥੋਂ ਸਵਾਈ ਆ ਓ ਜਿੰਦੂਆ, ਵੇ ਦੱਸ ਕਿੰਨੇ ਦੀ ਆਈ ਆ ਓ ਜਿੰਦੂਆ ।
ਇਹਨਾਂ ਦੋਹਵਾਂ ਅੰਤਰਿਆਂ ਵਿੱਚ ਦੋ ਤਰਲੇ ਵੀ ਨੇ ਤੇ ਦੋ ਖਾਹਿਸ਼ਾਂ ਵੀ ਨੇ....! ਪਹਿਲਾ ਤਰਲਾ ਤੇ ਖਾਹਿਸ਼ ਏ ਸੱਜਣ ਨੂੰ ਜੁਦਾਈ ਨਾ ਪਾਉਂਣ ਦੀ, ਤੇ ਦੂਜੀ ਏ ਉਸ ਦੇ ਨਾਲ ਮੇਲੇ ਚੱਲਣ ਦੀ ਤੇ ਉਹ ਵੀ ਸ਼ੌਕੀਨੀ ਲਾ ਕਿ ਪਰ ਇਹਨਾਂ ਦੋਹਵਾਂ ਤਰਲਿਆਂ ਤੇ ਖਾਹਿਸ਼ਾਂ ਦੀ ਅੱਜ ਵੁਕਤ ਘਟ ਗਈ ਏ। ਭੀੜ ਵਿੱਚ ਬੰਦਾ ਗੁਆਚ ਗਿਐ ਤੇ ਗੁਆਚੇ ਬੰਦੇ ਨੂੰ ਵਾਅਦੇ ਕਿਥੇ ਯਾਦ ਰਹਿੰਦੇ ਨੇ, ਉਹ ਤਾਂ ਆਪ ਪਿਆ ਤਰਲੇ ਲੈਂਦਾ ਫਿਰਦੈ ਕਿ ਕਿਸੇ ਤਰ੍ਹਾਂ ਇਸ ਭੀੜ ਵਿੱਚੋਂ ਬਾਹਰ ਆ ਜਾਵੇ, ਪਰ ਹੋਰ ਡੂੰਘਾ ਇਸ ਭੀੜ ਦੇ ਭੰਵਰ ਵਿੱਚ ਧਸਦਾ ਜਾਂਦੈ। ਜਿਵੇਂ ਦਲਦਲ ਵਿਚੋਂ ਬਾਹਰ ਆਉਂਣ ਲਈ ਸਾਡੇ ਵੱਲੋਂ ਮਾਰੇ ਗਏ ਹੱਥ ਪੈਰ ਸਾਨੂੰ ਹੋਰ ਥੱਲੇ ਧਕੇਲਦੇ ਜਾਂਦੇ ਨੇ।
ਬੰਦਾ ਜਾਵੇ ਤਾਂ ਜਾਵੇ ਕਿੱਥੇ, ਹਰ ਪਾਸੇ ਬੇ-ਆਰਮ ਮਾਨਸਿਕਤਾ ਦਾ ਖਲਾਅ ਏ, ਕਾਹਲੀ ਦਾ ਆਲਮ ਏ, ਤੇ ਥੱਕੀ ਹੋਈ ਜਾਨ ਨੂੰ ਕੋਈ ਕਿਨਾਰਾ ਨਹੀਂ ਏਂ। ਫਿਰ ਕਿਹੜੀ ਥਾਂ ਏਂ ਜਿਥੇ ਖੁਸ਼ੀਆਂ ਦਾ ਮੇਲਾ ਪਿਆ ਲੱਗਾ ਹੋਵੇ, ਜਿੱਥੇ ਭੀੜ ਹੋਣ ਦੇ ਬਾਵਜੂਦ ਵੀ ਬੰਦਾ ਗਵਾਚੇ ਨਾ, ਜਿੱਥੇ ਜੁਦਾਈਆਂ ਦਾ ਦਰਦ ਨਾ ਹੋਵੇ, ਜਿੱਥੇ ਜਿੰਦਾਂ ਨੂੰ ਜਿੰਦਾਂ ਨਾਲ ਮੋਹ ਹੋਵੇ, ਜਿੱਥੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੁਪਿਹਰ ਦੀ ਰਾਣੀ ਵਾਂਗ ਖਿੜੀਆਂ ਹੋਵਣ, ਜਿੱਥੇ ਥੱਕੀ ਹੋਈ ਜਿੰਦਗੀ ਨੂੰ ਸਕੂਨ ਤੇ ਅਰਾਮ ਮਿਲ ਜਾਏ। ਉਹ ਪਹਾੜ ਕਿੱਥੇ ਐ, ਜਿੱਥੇ ਇੱਕ ਰੁਪਈਏ ਦੇ ਚਾਰ ਅਨਾਰ ਵਿਕਦੇ ਹੋਣ, ਸ਼ਾਇਦ ਕਾਇਨਾਤ ਦੇ ਕਿਸੇ ਖੂੰਝੇ ਵਿੱਚ ਅਜਿਹੀ ਥਾਂ ਕਿਤੇ ਵੀ ਮਾਜੂਦ ਨਈਂ ਏ, ਤੇ ਸ਼ਾਇਦ ਹਰ ਥਾਂ ਈ ਅਜਿਹੀ ਥਾਂ ਏ ਜਿੱਥੇ ਚਾਵਾਂ ਮਲਾਹਰਾਂ ਦਾ ਮਾਹੌਲ ਸਿਰਜਿਆ ਪਿਆ ਹੁੰਦੈ, ਪਰ ਸਾਡੀਆਂ ਕਮਜ਼ੋਰ ਅੱਖਾਂ ਨੂੰ ਦਿਸਦਾ ਨਈਂ, ਸਾਡੇ ਬੇ-ਕਿਰਕ ਦਿਲ ਨੂੰ ਮਹਿਸੂਸ ਨਹੀਂ ਹੰਦਾ।

ਰੱਬ ਅੱਗੇ ਦੁਆਵਾਂ ਕਰਦਾਂ ਕਿ ਹਰੇਕ ਵਿਹੜੇ ਵਿੱਚ ਖੁਸ਼ੀਆਂ ਦੀ ਦੁਪਿਹਰ ਰਾਣੀ ਖਿੜੀ ਰਹੇ, ਭੱਜਦੀਆਂ ਫਿਰਦੀਆਂ ਰੂਹਾਂ ਨੂੰ ਸਕੂਨ ਦੀ ਨੀਂਦ ਆ ਜਾਵੇ, ਵਿਛੋੜਿਆਂ ਦੀ ਪੀੜ ’ਤੇ ਮਿਲਾਪਾਂ ਦੇ ਫੇਹੇ ਰੱਖੇ ਜਾਣ, ਹਾਸੇ ਰਬੜ ਵਾਂਗ ਵਧਦੇ ਰਹਿਣ, ਸਾਰੀ ਖਲਕਤ ਆਪਣੇ ਪਿਆਰਿਆਂ ਨਾਲ ਰਹੇ ਤੇ ਅਜਿਹੇ ਆਲਮ ਵਿੱਚ ਕੋਈ ਮੁਟਿਆਰ, ਕੰਨਾਂ ਵਿੱਚ ਮੁੰਦਰਾਂ, ਸਿਰ ਸ਼ਮਲੇ ਤੇ ਗਲ ਵਿੱਚ ਕੈਠੇ ਵਾਲੇ ਆਪਣੇ ਮਾਹੀ ਨੂੰ ਕਹਿੰਦੀ ਫਿਰੇ :
ਚੱਲ ਜਿੰਦੂਆ ਵੇ ਚੱਲ ਓਥੇ ਚੱਲੀਏ
ਜਿਥੇ ਨੇ ਵਿਕਦੇ ਅਨਾਰ
ਤੂੰ ਤੋੜੀਂ ਮੈਂ ਵੇਚਣ ਵਾਲੀ, ਇੱਕ ਰੂਪਈਏ ਚਾਰ......!
ਤੇ ਅਜਿਹੀ ਥਾਂ ਤੇ ਪਹੁੰਚ ਕਿ ਹਰ ਕੋਈ ਆਪਣੀਆ ਦੌੜਾਂ ਭੁੱਲ ਜਾਏ, ਪੈਸੇ ਦੀ ਇਹ ਦੋੜ ਦਾ ਅੰਤ ਹੋ ਜਾਵੇ ਤੇ ਸਾਰਾ ਕੁਝ ਸਿਰਫ ਇੱਕ ਰੁਪਈਏ ਵਿੱਚ ਈ ਆ ਜਾਵੇ ..... ਅਮੀਨ.....!
Post a Comment