ਬਾਂਕਾਂ ਨਾ ਜੁੜੀਆਂ.......... ਲੇਖ / ਗਿਆਨੀ ਸੰਤੋਖ ਸਿੰਘ

1967 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸਮੇ ਸੰਤ ਫਤਿਹ ਸਿੰਘ ਜੀ ਦੀ ਹਿਕਮਤ ਅਮਲੀ ਨਾਲ਼ ਕਾਂਗਰਸ ਦੀ ਪੰਜਾਹ ਮੈਬਰੀ ਪਾਰਟੀ ਨੂੰ ਪਛਾੜ ਕੇ, ਆਪਣੇ ਤੇਈ ਮੈਬਰਾਂ ਨਾਲ਼ ਹੀ, ਸੰਤ ਜੀ ਨੇ ਬਾਕੀ ਪਾਰਟੀਆਂ ਨਾਲ਼ ਗਾਂਢਾ ਸਾਂਢਾ ਕਰਕੇ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ, ਆਪਣੀ ਸਰਕਾਰ ਬਣਵਾ ਲਈ। ਮੁਖੀ ਅਕਾਲੀਆਂ ਵਿਚੋਂ ਸਭ ਤੋਂ ਸੀਨੀਅਰ ਆਗੂ, ਸ. ਹਰਚਰਨ ਸਿੰਘ ਹੁਡਿਆਰਾ ਵੀ ਪੰਜਾਬੀ ਸੂਬੇ ਦੀ ਪਹਿਲੀ ਸਰਕਾਰ ਦਾ ਮੁਖੀ ਬਣਨ ਦਾ ਚਾਹਵਾਨ ਸੀ। ਉਸਨੇ ਪੰਜਬੀ ਸੂਬੇ ਦੀ ਸਿਰਜਣਾ ਵਾਸਤੇ ਲੱਗੇ ਹਰੇਕ ਮੋਰਚੇ ਵਿਚ ਮੋਹਰੀ ਹਿਸਾ ਪਾਇਆ ਸੀ। ਏਥੋਂ ਤੱਕ ਕਿ ਉਸਨੇ ਕਈ ਸਾਲ ਆਪਣੇ ਗਲ਼ ਝੱਗਾ ਹੀ ਨਹੀ ਸੀ ਪਾਇਆ। ਉਸਨੇ ਪ੍ਰਣ ਕੀਤਾ ਸੀ ਕਿ ਜਿਨਾ ਚਿਰ ਪੰਜਾਬੀ ਸੂਬਾ ਨਹੀ ਬਣ ਜਾਂਦਾ ਉਹ ਆਪਣੇ ਗਲ਼ ਝੱਗਾ ਨਹੀ ਪਾਵੇਗਾ। ਅਕਾਲੀ ਅਸੈਂਬਲੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਉਸਨੇ ਯਤਨ ਵੀ ਕੀਤਾ ਪਰ ਇਕ ਸ. ਹਜ਼ਾਰਾ ਸਿੰਘ ਗਿੱਲ ਤੋਂ ਬਿਨਾ ਹੋਰ ਕਿਸੇ ਵੀ ਮੈਬਰ ਨੇ ਉਸ ਵਾਸਤੇ ਹਾਂ ਨਾ ਕੀਤੀ। ਭਾਵੇਂ ਵਧ ਪੜ੍ਹਿਆ ਹੋਇਆ ਪਰ ਪਾਰਟੀ ਵਿਚ ਉਸ ਤੋਂ ਕਿਤੇ ਜੂਨੀਅਰ, ਜਸਟਿਸ ਗੁਰਨਾਮ ਸਿੰਘ, ਮੁਖ ਮੰਤਰੀ ਦੀ ਗੱਦੀ ਮਲ ਕੇ ਬਹਿ ਗਿਆ ਤੇ ਅਕਾਲੀਆਂ ਨੂੰ ਉਹ ਸਰਕਾਰੀ ਸੱਤਾ ਦੇ ਨੇੜੇ ਨਾ ਲਗਣ ਦੇਵੇ; ਸਗੋਂ ਉਹ ਕੁਰਬਾਨੀ ਵਾਲੇ ਜਥੇਦਾਰਾਂ ਨੂੰ ਮਖੌਲ਼ ਨਾਲ਼ 'ਝੁਥੇਦਾਰ' ਹੀ ਆਖਿਆ ਕਰਦਾ ਸੀ। ਇਸਦਾ ਕਾਰਨ ਇਹ ਸੀ ਕਿ ਉਹ ਅਕਾਲੀਆਂ ਵਾਲ਼ੇ ਸਰਕਾਰ ਵਿਰੋਧੀ ਜੁਝਾਰੂ ਕਲਚਰ ਵਾਲ਼ੇ ਪਿਛੋਕੜ ਵਿਚੋਂ ਨਾ ਹੋਣ ਕਰਕੇ, ਸਰਕਾਰ ਪਰੱਸਤ ਸਰਦਾਰੀ ਪਰਵਾਰ ਵਿਚੋਂ ਸੀ ਜੋ ਕਿ ਵਲੈਤ ਵਿਚ ਪੜ੍ਹ ਕੇ ਹਾਈ ਕੋਰਟ ਦਾ ਜੱਜ ਲੱਗ ਗਿਆ ਤੇ ਰਿਟਾਇਰ ਹੋਣ ਪਿਛੋਂ, 1962 ਵਿਚ ਅਕਾਲੀ ਟਿਕਟ ਤੇ ਚੋਣ ਲੜਕੇ, ਐਮ. ਐਲ. ਏ. ਭਣ ਕੇ, ਪਾਰਟੀ ਦਾ ਲੀਡਰ ਬਣ ਗਿਆ। ਏਹੀ ਪਿਛੋਂ 1967 ਵਿਚ ਪਹਿਲੀ ਅਕਾਲੀ ਅਗਵਾਈ ਵਾਲ਼ੀ ਸਰਕਾਰ ਬਣਨ ਤੇ ਮੁਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਗਿਆ ਸੀ।

ਹੁਡਿਅਰਾ ਜੀ ਵੀ, ਡਾ. ਜਗਜੀਤ ਸਿੰਘ ਤੇ ਸ. ਹਰਕਿਸ਼ਨ ਸਿੰਘ ਸੁਰਜੀਤ ਵਾਂਗ, ਉਸ ਚੋਣ ਵਿਚ ਪਹਿਲੀ ਵਾਰ ਤੇ ਇਕੋ ਵਾਰ ਹੀ ਐਮ. ਐਲ. ਏ. ਬਣੇ ਸਨ। ਸੰਤ ਚੰਨਣ ਸਿੰਘ ਜੀ ਨੇ ਗੁਰਨਾਮ ਸਿੰਘ ਨੂੰ ਆਖਿਆ ਵੀ ਕਿ ਉਹ ਹੁਡਿਆਰਾ ਜੀ ਨੂੰ ਵਜ਼ੀਰ ਬਣਾ ਲਵੇ ਪਰ ਜ. ਗੁਰਨਾਮ ਸਿੰਘ ਨਹੀ ਸੀ ਮੰਨਿਆ। ਦਰ ਅਸਲ ਨਾਨ ਅਕਾਲੀ, ਨਾਨ ਪੰਥਕ ਤੇ ਸਰਦਾਰੀ ਪਿਛੋਕੜ ਹੋਣ ਕਰਕੇ ਗੁਰਨਾਮ ਸਿੰਘ ਅੰਦਰੋਂ ਅਕਾਲੀਆਂ ਨੂੰ ਪਸੰਦ ਨਹੀ ਸੀ ਕਰਦਾ। ਸੰਤ ਜੀ ਨੇ ਹੁਡਿਅਰਾ ਜੀ ਨੂੰ ਚੁੱਪ ਕਰਵਾਉਣ ਲਈ, ਉਸਦੇ ਹੱਥ ਪੰਥਕ ਅਸੈਂਬਲੀ ਪਾਰਟੀ ਦੀ ਲੀਡਰਸ਼ਿਪ ਦਾ 'ਲੌਲੀ ਪੌਪ' ਵੀ ਫੜਾ ਦਿਤਾ ਪਰ ਉਹ ਇਸ ਖਾਲੀ ਛੁਣਛੁਣੇ ਨੂੰ ਲੈ ਕੇ ਕੀ ਕਰੇ!

ਅਖੀਰ, "ਮਰਦੀ ਨੇ ਅੱਕ ਚਬਿਆ, ਹਾਰ ਕੇ ਜੇਠ ਨਾਲ਼ ਲਾਈ।" ਵਾਲ਼ੇ ਅਖਾਣ ਮੁਤਾਬਕ ਹੁਡਿਆਰੇ ਨੇ ਉਸ ਸਮੇ ਦੇ ਕੇਂਦਰੀ ਗ੍ਰਿਹ ਮੰਤਰੀ, ਵਾਈ ਬੀ. ਚਵਾਨ ਨਾਲ਼ ਗਾਂਢਾ ਸਾਂਢਾ ਕਰਕੇ, ਕਾਂਗਰਸ ਦੀ ਮਦਦ ਨਾਲ਼ ਗੁਰਨਾਮ ਸਿੰਘ ਨੂੰ ਲਾਹ ਕੇ, ਖੁਦ ਸਰਕਾਰ ਬਣਾਉਣ ਦੀ ਸਕੀਮ ਘੜ ਲਈ। ਜਦੋਂ ਇਸ ਕਾਰਜ ਲਈ ਉਹ ਦਿਲੀ ਨੂੰ ਜਾ ਰਿਹਾ ਸੀ ਤਾਂ ਰਾਹ ਵਿਚ ਗੁ. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ (ਹਰਿਆਣਾ) ਵਿਖੇ ਰੁਕ ਕੇ; ਇਸ਼ਨਾਨ ਪਾਨ ਕਰਨ ਉਪ੍ਰੰਤ ਲੰਗਰ ਆਦਿ ਛਕ ਕੇ ਹੀ ਅਗੇ ਗਿਆ। ਨਾਲ਼ ਉਸਦੇ ਉਸ ਸਮੇ ਦੂਜਾ ਐਮ. ਐਲ. ਏ. ਸ. ਹਜ਼ਾਰਾ ਸਿੰਘ ਗਿੱਲ ਵੀ ਸੀ। ਓਹਨੀਂ ਦਿਨੀਂ ਮੈ ਵੀ ਓਥੇ ਸਾਂ। ਹੁਡਿਆਰਾ ਜੀ ਨੂੰ ਮਿਲ਼ਿਆ ਵੀ ਪਰ ਮੈਨੂੰ ਨਹੀ ਸੀ ਉਸ ਸਮੇ ਪਤਾ ਕਿ ਇਹ ਭੱਦਰ ਪੁਰਸ਼ ਕਿਸ ਕਾਰਜ ਲਈ ਕਿਧਰ ਜਾ ਰਹੇ ਹਨ।

ਹੁਡਿਆਰਾ ਜੀ ਚਵਾਨ ਜੀ ਨਾਲ 'ਗਿਟ ਮਿਟ' ਕਰਕੇ ਵਾਪਸ ਆ ਗਏ। ਜਦੋਂ ਸੰਤ ਚੰਨਣ ਸਿੰਘ ਜੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਹਨਾਂ ਨੇ ਹੁਡਿਆਰਾ ਜੀ ਨੂੰ ਬਥੇਰਾ ਰੋਕਣ ਦਾ ਯਤਨ ਕੀਤਾ ਪਰ ਉਸਨੇ ਆਖਿਆ, "ਮੇਰੀ ਹੁਣ ਚਵਾਨ ਲਾਲ਼ ਗੱਲ ਹੋ ਗਈ ਹੈ। ਹੁਣ ਨਹੀ ਕੁਝ ਹੋ ਸਕਦਾ।" ਉਸਨੇ ਬਣਾਈ ਸਕੀਮ ਅਨੁਸਾਰ ਅਸੈਂਬਲੀ ਵਿਚ ਇਕ ਮਤੇ ਉਪਰ ਸਰਕਾਰ ਦੇ ਖਿਲਾਫ ਵੋਟ ਪਾਉਣ ਲਈ ਹੱਥ ਖੜ੍ਹਾ ਕੀਤਾ ਤਾਂ ਸ. ਹਜ਼ਾਰਾ ਸਿੰਘ ਗਿੱਲ ਤੋਂ ਬਿਨਾ ਹੋਰ ਕਿਸੇ ਨੇ ਵੀ ਉਸਦੇ ਹਕ ਵਿਚ ਵੋਟ ਨਾ ਪਾਈ; ਤੇ ਇਸ ਤਰ੍ਹਾਂ ਉਸਨੂੰ ਇਸ ਜੋਖਮ ਭਰੇ ਕੰਮ ਵਿਚ ਬੁਰੀ ਤਰ੍ਹਾਂ ਨਾਕਾਮੀ ਦਾ ਮੂੰਹ ਵੇਖਣਾ ਪਿਆ।

ਸ. ਹਰਚਰਨ ਸਿੰਘ ਹੁਡਿਅਰਾ ਜੀ ਨੂੰ ਕਾਂਗਰਸ ਦੀ ਸਹਾਇਤਾ ਨਾਲ਼ ਗੁਰਨਾਮ ਸਿੰਘ ਦੀ ਸਰਕਾਰ ਡੇਗ ਕੇ ਖੁਦ ਆਪਣੀ ਸਰਕਾਰ ਬਣਾ ਕੇ, ਉਸਦਾ ਮੁਖ ਮੰਤਰੀ ਬਣ ਜਾਣ ਦਾ ਏਨਾ ਯਕੀਨ ਸੀ ਕਿ ਉਸਨੇ ਕਈ ਸਾਲਾਂ ਬਾਅਦ ਪਾਉਣ ਲਈ ਜਿਥੇ 'ਦੋ ਘੋੜਿਆਂ ਵਾਲ਼ੀ ਬੋਸਕੀ' ਦਾ ਨਵਾਂ ਝਗਾ ਸਵਾਇਆਂ ਓਥੇ ਨਾਲ ਬਹੁਤ ਵਧੀਆ ਐਚਕਨ ਵੀ ਸਵਾਂ ਲਈ ਤਾਂ ਕਿ ਮੁਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣ ਸਮੇ ਉਹ ਗਲ਼ ਵਿਚ ਪਾਈ ਜਾ ਸਕੇ। ਪਰ ਉਸ ਨਾਲ਼, "ਨਹਾਤੀ ਧੋਤੀ ਰਹਿ ਗਈ। ਤੇ ਉਤੇ ਮੱਖੀ ਬਹਿ ਗਈ।" ਵਾਲ਼ੀ ਹੋਈੱ। ਕਾਂਗਰਸੀ ਆਗੂਆਂ ਨੇ ਉਸ ਨਾਲ਼ ਧੋਖਾ ਕੀਤਾ ਤੇ ਇਕਰਾਰ ਅਨੁਸਾਰ ਉਸਦਾ ਸਾਥ ਨਾ ਦਿਤਾ। ਕੁਝ ਦਿਨ ਬਾਅਦ ਇਸ ਘਟਨਾ ਤੇ ਟਿਪਣੀ ਕਰਦਿਆਂ ਸੰਤ ਫਤਿਹ ਸਿੰਘ ਜੀ ਨੇ ਆਪਣੇ ਹਾਸਰਸੀ ਸੁਭਾ ਅਨੁਸਾਰ ਇਉਂ ਫਬਤੀ ਕਸੀ:
ਰੰਨ ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਜੁੜੀਆਂ।
ਫਿਰ ਇਕ ਹੋਰ ਫਬਤੀ ਵੀ ਕੱਸੀ:
ਦਿਨ ਚੜ੍ਹਿਆ ਤੇ ਜੰਮ ਪਈ ਤਾਰੋ, ਨੱਤੀਆਂ ਘੜਾਈਆਂ ਰਹਿ ਗਈਆਂ।
ਕੁਝ ਮਹੀਨੇ ਪਿਛੋਂ ਇਹੋ ਕੁਝ ਸ. ਲਛਮਣ ਸਿੰਘ ਗਿੱਲ ਨੇ ਕੀਤਾ ਤਾਂ ਉਹ ਇਸ ਤਰ੍ਹਾਂ ਗੁਰਨਾਮ ਸਿੰਘ ਨੂੰ ਧੋਬੀ ਪਟੜਾ ਮਾਰਨ ਵਿਚ ਕਾਮਯਾਬ ਰਿਹਾ ਤੇ ਮੁਖ ਮੰਤਰੀ ਬਣ ਗਿਆ; ਜਿਸਦੀ ਸਰਕਾਰ ਵਿਚ ਡਾ. ਜਗਜੀਤ ਸਿੰਘ ਵੀ ਖਜ਼ਾਨਾ ਮੰਤਰੀ ਬਣ ਗਿਆ ਸੀ।
ਸ. ਹਰਚਰਨ ਸਿੰਘ ਹੁਡਿਆਰਾ ਜੀ ਦੇ ਇਸ ਖ਼ਤਰੇ ਵਾਲ਼ੇ ਕੰਮ ਵਿਚ ਅਸਫਲ ਰਹਿ ਜਾਣ ਦੇ ਨਤੀਜੇ ਵਜੋਂ ਉਸਨੂੰ ਪਾਰਟੀ ਵਿਚੋਂ ਤਾਂ ਸ਼ੰਟ ਆਊਟ ਹੋਣਾ ਹੀ ਪਿਆ ਨਾਲ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਜ ਕਮੇਟੀ ਦੀ ਸੀਨਂੀਅਰ ਮੀਤ ਪ੍ਰਧਾਨਗੀ ਤੋਂ ਵੀ ਹਥ ਧੋਣੇ ਪਏ, ਜੇਹੜੀ ਕਿ ਦੋ ਅਕਤੂਬਰ 1962 ਤੋਂ ਉਸ ਪਾਸ ਸੀ। ਸਰਦਾਰ ਬਾਦਲ ਵਲੋਂ ਦਲ ਵਿਚੋਂ ਕਢੇ ਜਾਣ ਪਿਛੋਂ ਜਿਵੇਂ ਸ. ਗੁਰਚਰਨ ਸਿੰਘ ਟੌਹੜਾ ਜੀ ਨੇ ਸਰਬ ਹਿੰਦ ਸ੍ਰੋਮਣੀ ਅਕਾਲੀ ਦਲ ਬਣਾ ਲਿਆ ਸੀ; ਉਸ ਵਾਂਗ ਹੀ ਹੁਡਿਆਰਾ ਜੀ ਨੇ ਵੀ ਮੁਕਾਬਲੇ ਦਾ ਅਕਾਲੀ ਦਲ ਸਾਜਣ ਦਾ ਐਲਾਨ ਕਰਕੇ, ਗੁਰਦੁਆਰਾ ਬਾਬਾ ਅਟਲ ਜੀ ਦੇ ਸਾਹਮਣੇ, ਦਲ ਦੇ ਸਕੱਤਰ, ਸ. ਅਰਜਨ ਸਿੰਘ ਬੁਧੀਰਾਜਾ, ਦੇ ਰਿਹਾਇਸ਼ੀ ਚੁਬਾਰੇ ਉਪਰ, ਆਪਣੇ ਦਲ ਦਾ ਦਫਤਰ ਬਣਾ ਲਿਆ ਤੇ ਬੁਧੀਰਾਜੇ ਨੂੰ ਆਪਣੇ ਦਲ ਦਾ ਜਨਰਲ ਸਕੱਤਰ ਨਿਯੁਕਤ ਕਰ ਲਿਆ। ਇਹ ਚੁਬਾਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਮਲਕੀਅਤ ਸੀ ਤੇ ਬੁਧੀਰਾਜਾ ਜੀ ਨਾਮ ਮਾਤਰ ਕਰਾਇਆ ਭਰ ਕੇ ਉਸ ਵਿਚ ਕਰਾਏਦਾਰ ਵਜੋਂ ਰਹਿੰਦੇ ਸਨ। ਇਸ ਥਾਂ ਤੇ ਹੁਣ ਸ੍ਰੀ ਗੁਰੂ ਹਰਿ ਗੋਬਿੰਦ ਨਿਵਾਸ ਨਾਂ ਵਾਲ਼ੀ ਸਰਾਂ ਬਣ ਚੁੱਕੀ ਹੈ। ਸ. ਬੁਧੀਰਾਜੇ ਤੋਂ ਇਲਾਵਾ ਸ. ਸ਼ਿਵ ਸਿੰਘ ਝਾਵਾਂ, ਸ. ਸੁਖਰਾਮ ਸਿੰਘ, ਸ. ਕਰਨੈਲ ਸਿੰਘ ਨਾਗ ਵਰਗੇ ਕੁਝ ਹੋਰ ਵੀ ਲੀਡਰ ਉਸ ਨਾਲ਼ ਚਲੇ ਗਏ। ਫਿਰ ਉਸਨੇ ਸੰਤ ਫਤਿਹ ਸਿੰਘ ਦੇ ਖਿਲਾਫ ਮੋਰਚਿਆਂ ਤੇ ਜਲਸਿਆਂ ਦੀ 'ਡੁਗਡੁਗੀ' ਵੀ ਕੁਝ ਦਿਨ ਵਜਾਈ। ਘੰਟਾ ਘਰ ਵਿਚ ਸਜੇ ਅਜਿਹੇ ਇਕ ਜਲਸੇ ਦੀ ਸਟੇਜ ਤੇ ਵਿਚਾਰੇ ਭਗਤ, ਭਗਤ ਪੂਰਨ ਸਿੰਘ ਜੀ, ਵੀ ਸੰਤ ਜੀ ਦੇ ਖਿਲਾਫ ਬੋਲ ਗਏ। ਇਹ ਲੋਕਾਂ ਨੇ ਪਹਿਲੀ ਵਾਰ ਵੇਖਿਆ ਕਿ ਬਾਹਰੋਂ ਸਤਿਆਗ੍ਰਹੀ ਦਰਬਾਰ ਸਾਹਿਬ ਦੇ ਅੰਦਰ ਨੂੰ ਜਾਣ। ਹੁਣ ਤੱਕ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਜਥੇ ਬਾਹਰ ਨੂੰ ਹੀ ਜਾਂਦੇ ਵੇਖੇ ਸਨ। ਇਸ 'ਗੜਬੜ ਚੌਥ' ਦੌਰਾਨ ਹੀ ਇਕ ਦਿਨ ਹੁਿਡਆਰਾ ਜੀ ਨੇ ਘੰਟਾ ਘਰ ਵਿਖੇ ਭਾਸ਼ਨ ਕਰਦਿਆਂ ਕੁਝ ਇਸ ਤਰ੍ਹਾਂ ਆਖਿਆ, "ਇਹ ਸਾਧ ਕਾਹਦਾ! ਇਹ ਤਾਂ ਟੈਰਾਲੀਨ ਦਾ ਚੋਲ਼ਾ ਪਾਉਂਦਾ।" ਯਾਦ ਰਹੇ ਕਿ ਉਹਨਾਂ ਦਿਨਾਂ ਵਿਚ ਟੈਰਾਲੀਨ ਦਾ ਝੱਗਾ ਪਜਾਮਾ ਪਾਉਣਾ ਸ਼ੌਕੀਨੀ ਵਿਚ ਸ਼ੁਮਾਰ ਹੁੰਦਾ ਸੀ। ਇਸ ਦੇ ਜਵਾਬ ਵਿਚ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਸੰਤ ਫਤਿਹ ਸਿੰਘ ਜੀ ਨੇ ਆਖਿਆ, "ਆਪ ਇਕ ਤੇ ਵੀ ਬੱਸ ਨਹੀ ਕਰਦੇ; ਸਗੋਂ ਦੋ ਦੋ ਘੋੜਿਆਂ ਦੀ ਬੋਸਕੀ ਪਾਈ ਫਿਰਦੇ ਨੇ। ਮੇਰਾ ਵਿਚਾਰਾ ਟੈਰਾ ਹੀ ਇਹਨਾਂ ਨੂੰ ਚੁਭਦਾ।" ਇਹ ਦੱਸਣ ਦੀ ਲੋੜ ਨਹੀ ਕਿ ਸੰਤ ਜੀ ਬੜੇ ਹੀ ਹਾਜਰ ਜਵਾਬ ਤੇ ਹਸਮੁਖ ਹੁੰਦੇ ਸਨ। ਉਹ ਵਿਰੋਧੀ ਦੀ ਦਲੀਲ਼ ਨੂੰ ਹੀ ਉਲ਼ਟਾ ਕੇ ਉਸ ਤੇ ਵਰਤਣ ਵਿਚ ਬੜੀ ਕਮਾਲ ਦੀ ਯੋਗਤਾ ਰਖਦੇ ਸਨ। ਯਾਦ ਰਹੇ ਕਿ ਓਹਨੀਂ ਦਿਨੀਂ ਹੁਡਿਆਰਾ ਜੀ ਦੋ ਘੋੜਿਆਂ ਵਾਲ਼ੀ ਬੋਸਕੀ ਦਾ ਕੁੜਤਾ ਪਾਇਆ ਕਰਦੇ ਸਨ ।
Post a Comment