ਭਗਤ ਸਿੰਘ ਦੀ ਸ਼ਹਾਦਤ - ਇੱਕ ਮੁਲਅੰਕਣ.......... ਲੇਖ / ਰਾਜਪਾਲ ਸਿੰਘ (ਪ੍ਰੋ.)


ਭਗਤ ਸਿੰਘ ਦੀ ਸ਼ਹਾਦਤ ਉਸਦੀ ਇੱਕ ਯੋਜਨਾਬੱਧ ਕਾਰਵਾਈ ਸੀ ਯਾਨੀ ਕਿ ਸ਼ਹਾਦਤ ਦੇ ਇਸ ਕਰਮ ਦਾ ਉਹ ਖੁਦ ਹੀ ਕਰਤਾ ਸੀ। ਇਤਿਹਾਸਕ ਤੌਰ 'ਤੇ ਇਹ ਤੱਥ ਗਲਤ ਨਹੀਂ ਹੈ ਕਿ ਭਗਤ ਸਿੰਘ ਦੀ ਅਗਵਾਈ ਹੇਠ ਉਠ ਰਹੀ ਆਜਾਦੀ ਦੀ ਹਥਿਆਰਬੰਦ ਲਹਿਰ ਨੂੰ ਦਬਾਉਣ ਲਈ ਅੰਗਰੇਜਾਂ ਦੁਆਰਾ ਭਗਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਇਸੇ ਤੱਥ ਦਾ ਇੱਕ ਇਹ ਵੀ ਰੂਪ ਹੈ ਕਿ ਆਪਣੇ ਵਿਚਾਰਾਂ ਨੂੰ ਫੈਲਾਉਣ ਲਈ ਭਗਤ ਸਿੰਘ ਨੇ ਸ਼ਹਾਦਤ ਦੇ ਦਿੱਤੀ। ਦੋਹਵੇਂ ਧਿਰਾਂ ਆਪਣੇ ਆਪਣੇ ਉਦੇਸ਼ਾਂ ਵਿੱਚ ਸਫਲ ਰਹੀਆਂ - ਭਗਤ ਸਿੰਘ ਦੀ ਸ਼ਹੀਦੀ ਨਾਲ ਉਹਨਾਂ ਦੀ ਜਥੇਬੰਦੀ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਤੇ ਮਾਰੂ ਸੱਟ ਵੱਜੀ ਅਤੇ ਦੋ ਕੁ ਸਾਲਾਂ ਵਿੱਚ ਹੀ ਉਹ ਇੱਕ ਜਥੇਬੰਦੀ ਵਜੋਂ ਖਤਮ ਹੋ ਗਈ ; ਦੂਜੇ ਪਾਸੇ ਭਗਤ ਸਿੰਘ ਦੀ ਸ਼ਹੀਦੀ ਨਾਲ ਭਗਤ ਸਿੰਘ ਦੇ ਵਿਚਾਰ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਫੈਲ ਗਏ।
ਅੱਜ ਜਦ ਇਸ ਘਟਨਾ ਨੂੰ 75 ਸਾਲ ਹੋ ਗਏ ਹਨ ਤਾਂ ਇਹ ਮੁਲਅੰਕਣ ਕਰਨਾ ਬਣਦਾ ਹੈ ਕਿ ਭਾਰਤ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਿੱਚ ਭਗਤ ਸਿੰਘ ਦੇ ਇਸ ਕਦਮ ਦਾ ਕੀ ਰੋਲ ਰਿਹਾ।
ਇਤਿਹਾਸ ਦੇ ਆਮ ਪਾਠਕਾਂ ਨੂੰ ਵੀ ਇਹ ਤਾਂ ਪਤਾ ਹੀ ਹੈ ਕਿ ਅਸੈਂਬਲੀ ਵਿੱਚ ਪਾਸ ਕੀਤੇ ਜਾ ਰਹੇ ਦੋ ਕਾਲੇ ਕਾਨੂੰਨਾਂ ਖਿਲਾਫ ਵਿਰੋਧ ਪ੍ਰਗਟ ਕਰਨ ਲਈ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਬੰਬ ਸੁੱਟੇ ਅਤੇ ਗ੍ਰਿਫਤਾਰੀ ਦੇ ਦਿੱਤੀ। ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਵਿਰੋਧ ਨੂੰ ਜੋਰਦਾਰ ਢੰਗ ਨਾਲ ਪ੍ਰਗਟ ਕਰਨ ਲਈ ਅਤੇ ਸਾਰੇ ਦੇਸ਼ ਦਾ ਧਿਆਨ ਇਸ ਮੁੱਦੇ ਵੱਲ ਖਿੱਚਣ ਲਈ ਹੀ ਇੱਕ ਧਮਾਕੇਦਾਰ ਢੰਗ ਅਪਣਾਇਆ ਗਿਆ। ਬੰਬ ਸੁੱਟ ਕੇ ਗ੍ਰਿਫਤਾਰੀ ਦੇਣ ਵਰਗਾ ਐਕਸ਼ਨ ਕਰਨਾ ਇੱਕ ਇਨਕਲਾਬੀ ਜਥੇਬੰਦੀ ਲਈ ਹੋਰ ਕਾਰਵਾਈਆਂ ਵਰਗੀ ਇੱਕ ਕਾਰਵਾਈ ਸੀ। ਪਰ ਇਹ ਐਕਸ਼ਨ ਕਰਨ ਲਈ ਭਗਤ ਸਿੰਘ ਦਾ ਜਾਣਾ ਇੱਕ ਵੱਡਾ ਫੈਸਲਾ ਸੀ ਕਿਉਂਕਿ ਭਗਤ ਸਿੰਘ ਉਤੇ ਪਹਿਲਾਂ ਹੀ ਸਾਂਡਰਸ ਕਤਲ ਕੇਸ ਚੱਲ ਰਿਹਾ ਸੀ ਅਤੇ ਸਭ ਨੂੰ ਪਤਾ ਸੀ ਕਿ ਉਸ ਵੱਲੋਂ ਗ੍ਰਿਫਤਾਰੀ ਦੇਣ ਦਾ ਮਤਲਬ ਸਿੱਧਾ ਫਾਂਸੀ ਵੱਲ ਨੂੰ ਜਾਣ ਤੋਂ ਸੀ ਜਦ ਕਿ ਪਾਰਟੀ ਦੇ ਕਿਸੇ ਹੋਰ ਮੈਂਬਰ ਨੂੰ ਇਸ ਐਕਸ਼ਨ ਦੀ ਸਜਾ ਵਜੋਂ ਜਿਆਦਾ ਸੰਭਾਵਨਾ ਉਮਰ ਕੈਦ ਦੀ ਬਣਦੀ ਸੀ ਜਿਵੇਂ ਕਿ ਦੱਤ ਨੂੰ ਹੋਈ ਵੀ। ਫੇਰ ਇਸ ਐਕਸ਼ਨ ਲਈ ਭਗਤ ਸਿੰਘ ਹੀ ਕਿਉਂ ਗਿਆ ?
ਸਭ ਤੋਂ ਪਹਿਲਾਂ ਤਾਂ ਇਹ ਸਾਫ ਹੋਣਾ ਚਾਹੀਦਾ ਹੈ ਕਿ ਪਾਰਟੀ ਵਿੱਚ ਇਸ ਐਕਸ਼ਨ ਲਈ ਕੋਈ ਬੰਦਿਆਂ ਦੀ ਘਾਟ ਨਹੀਂ ਸੀ ਕਿ ਭਗਤ ਸਿੰਘ ਨੂੰ ਭੇਜਿਆ ਗਿਆ। ਸਗੋਂ ਅਸਲੀਅਤ ਤਾਂ ਇਹ ਸੀ ਕਿ ਇਸ ਐਕਸ਼ਨ ਲਈ ਸਾਰੇ ਇਨਕਲਾਬੀ ਆਪਣੇ ਆਪ ਨੂੰ ਪੇਸ਼ ਕਰਨ ਲਈ ਬਹੁਤ ਉਤਾਵਲੇ ਸਨ, ਐਕਸ਼ਨ ਲਈ ਜਾਣ ਦੇ ਦਾਅਵੇਦਾਰਾਂ ਵੱਲੋਂ ਜੋਰਦਾਰ ਬਹਿਸ ਮੁਬਾਹਸਾ ਵੀ ਕੀਤਾ ਗਿਆ, ਨਾ ਚੁਣੇ ਜਾਣ ਵਾਲੇ ਰੁੱਸ ਕੇ ਵੀ ਬੈਠੇ ਅਤੇ ਇਹ ਵੀ ਕਿ ਬੰਬ ਸੁੱਟਣ ਵਾਲਿਆਂ ਲਈ ਪਾਰਟੀ ਨੇ ਪਹਿਲਾਂ ਜੈਦੇਵ ਕਪੂਰ ਅਤੇ ਬੀ.ਕੇ. ਦੱਤ ਦੇ ਨਾਮ ਫਾਈਨਲ ਵੀ ਕਰ ਲਏ ਸਨ ਪਰ ਭਗਤ ਸਿੰਘ ਦੀ ਜਿਦ ਬਲਕਿ ਧੱਕੇ ਅੱਗੇ ਪਾਰਟੀ ਨੂੰ ਝੁਕਣਾ ਪਿਆ ਅਤੇ ਜੈ ਦੇਵ ਦਾ ਨਾਮ ਕੱਢਕੇ ਭਗਤ ਸਿੰਘ ਦਾ ਪਾਉਣਾ ਪਿਆ। ਦਲੀਲ ਇਹ ਦਿੱਤੀ ਗਈ ਕਿ ਅਦਾਲਤ ਵਿੱਚ ਭਗਤ ਸਿੰਘ ਜਿਵੇਂ ਇਨਕਲਾਬੀਆਂ ਦੇ ਵਿਚਾਰਾਂ ਨੂੰ ਦੇਸ਼ ਸਾਹਮਣੇ ਪੇਸ਼ ਕਰ ਸਕੇਗਾ ਉਵੇਂ ਹੋਰ ਕੋਈ ਨਹੀਂ ਕਰ ਸਕੇਗਾ ਅਤੇ ਫਾਂਸੀ ਹੋਣਾ ਇਨਕਲਾਬੀਆਂ ਲਈ ਕੋਈ ਅਜਿਹਾ ਮਸਲਾ ਨਹੀਂ ਸੀ ਜੋ ਉਹਨਾਂ ਨੂੰ ਆਪਣੇ ਐਕਸ਼ਨ ਨੂੰ ਵਧੇਰੇ ਸਾਰਥਿਕ ਤਰੀਕੇ ਨਾਲ ਕਰਨ ਤੋਂ ਰੋਕ ਸਕੇ। ਬੰਬ ਸੁੱਟੇ ਗਏ, ਮੁਕੱਦਮਾ ਚੱਲਿਆ, ਭਗਤ ਸਿੰਘ ਨੇ ਇਨਕਲਾਬੀਆਂ ਦੇ ਆਦਰਸ਼ਾਂ ਨੂੰ ਬੜੇ ਜੋਰਦਾਰ ਢੰਗ ਨਾਲ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਦੀ ਕਾਰਵਾਈ ਪ੍ਰੈਸ ਰਾਹੀਂ ਸਾਰੇ ਦੇਸ਼ ਵਿੱਚ ਗਈ ਅਤੇ ਨਾਲ ਹੀ ਕ੍ਰਾਂਤੀਕਾਰੀਆਂ ਦੇ ਵਿਚਾਰ ਅਤੇ ਉਦੇਸ਼ ਲੋਕਾਂ ਤੱਕ ਪਹੁੰਚੇ। ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਆਪਣੇ ਸਾਥੀ ਸਿ਼ਵ ਵਰਮਾ ਨੂੰ ਕਿਹਾ ਸੀ, '' ਇਨਕਲਾਬੀ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਮੈਂ ਸੋਚਿਆ ਸੀ ਕਿ ਜੇਕਰ ਮੈਂ ਮੁਲਕ ਦੀ ਹਰੇਕ ਨੁੱਕਰ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਪੁਚਾ ਦਿੱਤਾ, ਤਦ ਹੀ ਮੇਰੇ ਜੀਵਨ ਦਾ ਪੂਰਾ ਮੁੱਲ ਮਿਲੇਗਾ ........... ਮੇਰਾ ਖਿਆਲ ਹੈ ਕਿ ਕਿਸੇ ਦੀ ਵੀ ਜ਼ਿੰਦਗੀ ਦਾ ਇਸ ਤੋਂ ਵੱਧ ਮੁੱਲ ਨਹੀਂ ਹੋ ਸਕਦਾ''। ਭਗਤ ਸਿੰਘ ਦਾ ਇਹ ਨਿਸ਼ਾਨਾ ਤਾਂ ਪੂਰਾ ਹੋ ਗਿਆ ਯਾਨੀ ਕਿ 'ਇਨਕਲਾਬ ਜਿੰਦਾਬਾਦ' ਅਤੇ ਭਗਤ ਸਿੰਘ ਦਾ ਨਾਂ ਦੇਸ਼ ਦੀ ਹਰ ਨੁੱਕਰ ਵਿੱਚ ਪਹੁੰਚ ਗਿਆ ਪਰ ਭਗਤ ਸਿੰਘ ਦੀ ਜ਼ਿੰਦਗੀ ਐਨਾ ਕਾਰਜ ਕਰਨ ਤੋਂ ਵਧੇਰੇ ਮੁੱਲਵਾਨ ਸੀ ਜਿਸਦਾ ਭਗਤ ਸਿੰਘ ਨੂੰ ਵੀ ਸਹੀ ਅਹਿਸਾਸ ਨਹੀਂ ਸੀ। ਅਸਲ ਵਿੱਚ ਭਗਤ ਸਿੰਘ ਫਰਾਂਸੀਸੀ ਕ੍ਰਾਂਤੀਕਾਰੀਆਂ ਦੇ ' ਮੌਤ ਰਾਹੀਂ ਪ੍ਰਾਪੇਗੰਡਾ ਕਰਨ ' ਦੇ ਸੰਕਲਪ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਜਿਸ ਕਰਕੇ ਉਹ ਖੁਦ ਇਸੇ ਰਾਹ 'ਤੇ ਚੱਲ ਪਿਆ। ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਨੂੰ ਆਪਣੀ ਮੌਤ ਦੇ ਮਹੱਤਵ ਦਾ ਤਾਂ ਪਤਾ ਸੀ ਪਰ ਉਸਨੂੰ ਆਪਣੀ ਜ਼ਿੰਦਗੀ ਦੇ ਮਹੱਤਵ ਦਾ ਸਹੀ ਅੰਦਾਜਾ ਨਹੀਂ ਸੀ।
ਕਿਵੇਂ ?
ਪਹਿਲੀ ਗੱਲ ਤਾਂ ਇਨਕਲਾਬੀਆਂ ਦੀ ਜਥੇਬੰਦੀ ਕੋਲ ਭਗਤ ਸਿੰਘ ਦੇ ਪੱਧਰ ਦਾ ਕੋਈ ਹੋਰ ਆਗੂ ਨਹੀਂ ਸੀ ਜੋ ਉਸਦੇ ਜਾਣ ਬਾਅਦ ਉਸਦਾ ਸਥਾਨ ਲੈ ਸਕਦਾ। ਭਗਤ ਸਿੰਘ ਹੋਰਾਂ ਦੀ ਫਾਂਸੀ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਹ ਲਹਿਰ ਆਪਣੇ ਜਥੇਬੰਦਕ ਰੂਪ ਵਿੱਚ ਖਤਮ ਹੋ ਗਈ। ਦੂਸਰੀ ਗੱਲ ਜਿਵੇਂ ਕਿ ਪ੍ਰੋ. ਬਿਪਨ ਚੰਦਰ ਜੀ ਕਹਿੰਦੇ ਹਨ ਕਿ ' ਇਨਕਲਾਬ ਜਿੰਦਾਬਾਦ ਦੇ ਨਾਅਰੇ ਦੇ ਹਰਮਨਪਿਆਰੇ ਹੋਣ ਅਤੇ ਸਰਵਜਨਕ ਤੌਰ 'ਤੇ ਅਪਣਾਏ ਜਾਣ ਦੇ ਅਤੇ ਭਗਤ ਸਿੰਘ ਹੋਰਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰੇ ਜਾਣ ਦੇ ਬਾਵਜੂਦ ਇਹ ਸਭ ਕੁਝ ਕੌਮੀ ਚੇਤਨਤਾ ਨੂੰ ਇਨਕਲਾਬੀ ਮੋੜ ਪ੍ਰਦਾਨ ਕਰਨ ਵਿੱਚ ਕਾਮਯਾਬ ਨਾ ਹੋਇਆ ਅਸਲ ਵਿੱਚ ਉਸ ਸਿਆਸੀ ਮਸ਼ੀਨਰੀ ਦੀ ਅਣਹੋਂਦ ਸੀ ਜੋ ਉਨ੍ਹਾਂ ਦੀਆਂ ਅਥਾਹ ਕੁਰਬਾਨੀਆਂ ਤੋਂ ਪੈਦਾ ਹੋਏ ਜਜ਼ਬਿਆਂ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਉਹਨਾਂ ਦੇ ਅਸਲ ਨਿਸ਼ਾਨਿਆਂ ਦੀ ਪੂਰਤੀ ਲਈ ਲਾਮਬੰਦ ਕਰ ਸਕਦੀ।' ਭਗਤ ਸਿੰਘ ਜਿਵੇਂ ਆਜਾਦੀ ਲਈ ਚਲਦੀ ਆ ਰਹੀ ਹਥਿਆਰਬੰਦ ਧਾਰਾ ਨੂੰ ਸਹੀ ਦਿਸ਼ਾ ਵੱਲ ਮੋੜ ਦੇ ਰਿਹਾ ਸੀ, ਜਿਵੇਂ ਉਸਨੇ ਕੇਵਲ ਅੰਗਰੇਜਾਂ ਤੋਂ ਆਜਾਦੀ ਪ੍ਰਾਪਤ ਕਰਨ ਦੇ ਨਿਸ਼ਾਨੇ ਦੀ ਸੀਮਤਾਈ ਨੂੰ ਪਾਰ ਕਰਕੇ ਸਮਾਜਵਾਦੀ ਸਮਾਜ ਦੀ ਸਥਾਪਨਾ ਦਾ ਆਦਰਸ਼ ਇਨਕਲਾਬੀਆਂ ਦੇ ਸਾਹਮਣੇ ਲਿਆਂਦਾ, ਜਿਵੇਂ ਉਸਨੇ ਗੰਭੀਰ ਅਧਿਐਨ ਕਰਕੇ ਆਪਣੇ ਵਿਚਾਰਾਂ ਨੂੰ ਨਿਖੇਰਿਆ ਉਸ ਸਭ ਕਾਸੇ ਤੋਂ ਜਾਪਦਾ ਹੈ ਕਿ ਉਸ ਵਿੱਚ ਉਹ ਯੋਗਤਾ ਵਿਕਸਿਤ ਹੋ ਗਈ ਸੀ ਜੋ ਅੰਗਰੇਜਾਂ ਤੋਂ ਆਜਾਦੀ ਲਈ ਚੱਲ ਰਹੀ ਲੜਾਈ ਨੂੰ ਸਮਾਜਵਾਦ ਲਈ ਲੜਾਈ ਵਿੱਚ ਬਦਲ ਸਕਣ ਲਹੀ ਜਰੂਰੀ ਸੀ।
ਭਗਤ ਸਿੰਘ ਨੇ ਸੱਚ ਦਾ ਇਹ ਕੋਨਾ ਤਾਂ ਪੂਰੀ ਤਰ੍ਹਾਂ ਪਕੜ ਲਿਆ ਸੀ ਕਿ ਵਿਅਕਤੀ ਅਤੇ ਆਗੂ ਬਾਹਰਮੁਖੀ ਹਾਲਤਾਂ ਦੀ ਪੈਦਾਵਾਰ ਹੁੰਦੇ ਹਨ। ਉਦਾਹਰਣ ਵਜੋਂ ਫਾਂਸੀ ਦੀ ਸਜਾ ਹੋਣ ਤੋਂ ਬਾਅਦ ਭਗਤ ਸਿੰਘ ਨੇ ਸੁਖਦੇਵ ਨੂੰ ਲਿਖਿਆ -
'ਭਲਾ ਜੇ ਅਸੀਂ ਮੈਦਾਨ ਵਿੱਚ ਨਾ ਨਿਤਰੇ ਹੁੰਦੇ ਤਾਂ ਕੀ ਇਸਦਾ ਭਾਵ ਇਹ ਹੋਣਾ ਸੀ ਕਿ ਕੋਈ ਇਨਕਲਾਬੀ ਕਾਰਜ ਨਹੀਂ ਸੀ ਵਾਪਰਨਾ ? ਜੇਕਰ ਤੂੰ ਏਦਾਂ ਸੋਚਦਾ ਹੈਂ ਤਾਂ ਇਹ ਤੇਰੀ ਗਲਤੀ ਹੈ। ਇਹ ਸਹੀ ਹੈ ਕਿ ਅਸੀਂ ਕਿਸੇ ਹੱਦ ਤੀਕਰ ਸਿਆਸੀ ਵਾਤਾਵਰਣ ਨੂੰ ਬਦਲਣ ਵਿੱਚ ਹਿੱਸਾ ਪਾਇਆ ਹੈ। (ਪਰ) ਇਸਦੇ ਨਾਲ ਹੀ ਅਸੀਂ ਸਮੇਂ ਦੀਆਂ ਲੋੜਾਂ ਅਤੇ ਮੰਗਾਂ ਦੀ ਉਪਜ ਹਾਂ।'
ਭਗਤ ਸਿੰਘ ਦੀ ਗੱਲ ਤਾਂ ਠੀਕ ਸੀ ਪਰ ਆਗੂ ਵੀ ਬਾਹਰਮੁਖੀ ਹਾਲਤਾਂ ਨੂੰ ਬਦਲਣ ਵਿੱਚ ਵੱਡਾ ਰੋਲ ਕਰਦੇ ਹਨ ਜਿਹੜਾ ਭਗਤ ਸਿੰਘ ਸ਼ਾਇਦ ਕਰ ਸਕਦਾ ਸੀ ਪਰ ਸ਼ਹੀਦੀ ਦੇ ਰੁਮਾਂਸ ਵਿੱਚ ਉਹ ਆਪਣੀ ਆਗੂ ਵਾਲੀ ਸਮਰੱਥਾ ਵੱਲ ਝਾਕਿਆ ਵੀ ਨਾ।
-------- -------- -------
ਖੈਰ ਇਹ ਉਸਦੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਫੈਸਲੇ ਦਾ ਇੱਕ ਪੱਖ ਹੈ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਕਲਿਨ ਆਰਮੀ ਉਸਦੀ ਘਾਟ ਪੂਰੀ ਨਾ ਕਰ ਸਕੀ ਅਤੇ ਜਥੇਬੰਦਕ ਤੌਰ 'ਤੇ ਇਸਦਾ ਮਾਰੂ ਅਸਰ ਪਿਆ। ਪਰ ਕੀ ਭਗਤ ਸਿੰਘ ਦੀ ਮੌਤ ਨੇ ਉਸਦੀ ਜ਼ਿੰਦਗੀ ਨਾਲੋਂ ਵੱਡੇ ਸਿੱਟੇ ਨਹੀਂ ਕੱਢੇ ? ਇਸ ਗੱਲ ਦਾ ਕਿਆਫਾ ਹੀ ਲਗਾਇਆ ਜਾ ਸਕਦਾ ਹੈ ਕਿ ਜੇ ਭਗਤ ਸਿੰਘ ਜ਼ਿੰਦਾ ਰਹਿੰਦਾ ਤਾਂ ਉਹ ਭਾਰਤੀ ਆਜਾਦੀ ਸੰਗਰਾਮ ਉਤੇ ਕਿਰਤੀ ਵਰਗ ਦੀ ਸਰਦਾਰੀ ਸਥਾਪਿਤ ਕਰ ਸਕਦਾ ਜਾਂ ਨਾ, ਪਰ ਉਸਦੀ ਸ਼ਹਾਦਤ ਨੇ ਲੋਕ ਮਨਾਂ ਉਪਰ ਜੋ ਅਸਰ ਪਾਇਆ, ਲੋਕ ਲਹਿਰਾਂ ਦੇ ਆਗੂਆਂ ਲਈ ਜਿਵੇਂ ਉਹ ਰੋਲ ਮਾਡਲ ਬਣਿਆ, ਉਹ ਪ੍ਰਭਾਵ ਬਹੁਤ ਵੱਡਾ ਪਿਆ।
ਜਦ ਕੋਈ ਆਗੂ ਕਿਸੇ ਲੋਕ ਪੱਖੀ ਲਹਿਰ ਨੂੰ ਅਗਵਾਈ ਦਿੰਦਾ ਹੈ ਤਾਂ ਉਹ ਦੋ ਕਾਰਜ ਪ੍ਰਮੁੱਖ ਤੌਰ 'ਤੇ ਕਰਦਾ ਹੈ - ਲੋਕਾਂ ਨੂੰ ਜਥੇਬੰਦ ਕਰਨਾ ਅਤੇ ਪ੍ਰੇਰਨਾ ਦੇਣੀ। ਜਥੇਬੰਦ ਕਰਨ ਵਾਲਾ ਕਾਰਜ ਤਾਂ ਜਿਉਂਦੇ ਰਹਿਣ ਦੇ ਸਮੇਂ ਦੌਰਾਨ ਹੀ ਹੁੰਦਾ ਹੈ ਯਾਨੀ ਕਿ ਵੱਧ ਤੋਂ ਵੱਧ 50 ਕੁ ਸਾਲ ਪਰ ਵਿਅਕਤੀ ਦੀ ਪ੍ਰੇਰਨਾ ਹਜਾਰਾਂ ਸਾਲ ਤੱਕ ਚਲਦੀ ਰਹਿ ਸਕਦੀ ਹੈ। ਇਹ ਭਗਤ ਸਿੰਘ ਵੱਲ ਦੇਖ ਕੇ ਹੀ ਪਤਾ ਚਲਦਾ ਹੈ ਕਿ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਆਪਣੀ ਮੌਤ ਨੂੰ ਇੱਕ ਮਾਮੂਲੀ ਗੱਲ ਕਿਵੇਂ ਬਣਾ ਲਿਆ ਜਾਂਦਾ ਹੈ, ਕਿਵੇਂ ਮੌਤ ਨੂੰ ਸਾਹਮਣੇ ਵੇਖ ਕੇ ਵੀ ' ਮੈਂ ਨਾਸਤਿਕ ਕਿਉਂ ਹਾਂ ' ਵਰਗੀਆਂ ਲਿਖਤਾਂ ਲਿਖ ਦਿੱਤੀਆਂ ਜਾਂਦੀਆਂ ਹਨ, ਕਿਵੇਂ ਅੰਤ ਸਮੇਂ ਤੱਕ ਵੀ ਆਪਣੇ ਗਿਆਨ ਨੂੰ ਲਗਾਤਾਰ ਵਿਸ਼ਾਲਦੇ ਜਾਈਦਾ ਹੈ। ਜੇ ਭਗਤ ਸਿੰਘ ਦੀ ਇਸ ਢੰਗ ਨਾਲ ਸ਼ਹਾਦਤ ਨਾ ਹੋਈ ਹੁੰਦੀ ਤਾਂ ਬਾਅਦ ਵਿੱਚ ਉਠੀਆਂ ਇਨਕਲਾਬੀ ਲਹਿਰਾਂ ਦੇ ਕਾਰਕੁੰਨਾਂ ਨੇ ਇਹ ਸਾਰਾ ਕੁਝ ਕਿਥੋਂ ਸਿੱਖਣਾ ਸੀ ?
ਸਾਡੇ ਵਿਰਸੇ ਵਿੱਚ ਸਾਡੇ ਕੋਲ ਧਾਰਮਿਕ ਸ਼ਹੀਦ ਹੀ ਸਨ। ਹੋਰ ਸ਼ਹੀਦ ਵੀ ਹੈਣ ਪਰ ਉਹਨਾਂ ਦਾ ਰੁਤਬਾ ਧਾਰਮਿਕ ਸ਼ਹੀਦਾਂ ਦੇ ਬਰਾਬਰ ਨਹੀਂ ਜਾਂਦਾ। ਇਹ ਭਗਤ ਸਿੰਘ ਦੀ ਸ਼ਹਾਦਤ ਹੀ ਦਰਸਾਉਂਦੀ ਹੈ ਕਿ ਕੇਵਲ ਆਪਣੀਆਂ ਧਾਰਮਿਕ ਮਾਨਤਾਵਾਂ ਖਾਤਰ ਹੀ ਮੌਤ ਨੂੰ ਖਿੜੇ ਮੱਥੇ ਕਬੂਲ ਨਹੀਂ ਕੀਤਾ ਜਾਂਦਾ ਸਗੋਂ ਮਨੁੱਖਤਾ ਦੇ ਵਡੇਰੇ ਹਿਤਾਂ ਅਤੇ ਚੰਗੇਰੇ ਭਵਿੱਖ ਲਈ ਵੀ ਮੌਤ ਨੂੰ ਉਸੇ ਦਲੇਰੀ ਨਾਲ ਕਬੂਲਿਆ ਜਾਂਦਾ ਹੈ। ਭਗਤ ਸਿੰਘ ਇਸੇ ਕਰਕੇ ਸ਼ਹੀਦ-ਏ-ਆਜ਼ਮ ਹੈ ਕਿ ਉਸਨੇ ਆਪਣੀ ਸ਼ਹੀਦੀ ਦੂਸਰਿਆਂ ਨਾਲੋਂ ਵੱਡੇ ਆਦਰਸ਼ਾਂ ਖਾਤਰ ਦਿੱਤੀ।
ਸ਼ਹਾਦਤ ਕਬੂਲ ਕੇ ਜੋ ਰੋਲ ਭਗਤ ਸਿੰਘ ਨੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਕੀਤਾ ਅਜਿਹਾ ਰੋਲ ਦੱਖਣੀ ਅਮਰੀਕਾ ਵਿੱਚ ਚੀ-ਗੁਵੇਰਾ ਨੇ ਕੀਤਾ। ਚੀ-ਗੁਵੇਰਾ ਵੀ ਬੋਲੀਵੀਆ ਵਿੱਚ ਇਨਕਲਾਬ ਲਿਆਉਣ ਵਿੱਚ ਸਫਲ ਨਹੀਂ ਹੋਇਆ ਪਰ ਉਹ ਉਥੋਂ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਭਗਤ ਸਿੰਘ ਨੂੰ ਦੱਖਣੀ ਏਸ਼ੀਆ ਦਾ ਚੀ-ਗੁਵੇਰਾ ਕਹਿ ਲਵੋ ਜਾਂ ਚੀ-ਗੁਵੇਰੇ ਨੂੰ ਦੱਖਣੀ ਏਸ਼ੀਆ ਦਾ ਭਗਤ ਸਿੰਘ, ਇਕੋ ਗੱਲ ਹੈ। ਅੱਜ ਜੇ ਦੱਖਣੀ ਅਮਰੀਕਾ ਵਿੱਚ ਖੱਬੇ ਪੱਖੀ ਲਹਿਰ ਸ਼ਾਨ ਨਾਲ ਉਭਰ ਰਹੀ ਹੈ ਤਾਂ ਉਸ ਪਿੱਛੇ ਚੀ-ਗੁਵੇਰਾ ਦੁਆਰਾ ਪੈਦਾ ਕੀਤੀ ਮਾਨਸਿਕਤਾ ਦਾ ਬਹੁਤ ਵੱਡਾ ਹੱਥ ਹੈ ਅਤੇ ਇਸੇ ਤਰ੍ਹਾਂ ਭਾਰਤ ਵਿੱਚ ਖੱਬੇ ਪੱਖੀਆਂ ਦਾ ਜੋ ਪ੍ਰਭਾਵ ਅਤੇ ਲੜਨ ਸਮਰੱਥਾ ਹੈ ਉਸ ਪਿੱਛੇ ਭਗਤ ਸਿੰਘ ਦੀ ਸ਼ਹਾਦਤ ਦੀ ਵੱਡੀ ਅਹਿਮੀਅਤ ਹੈ।
ਕਿਹਾ ਜਾ ਸਕਦਾ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਦਾ ਦੇਸ਼ ਦੀ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਵਕਤੀ ਤੌਰ 'ਤੇ ਨੁਕਸਾਨ ਹੋਇਆ ਪਰ ਲੰਮੇ ਦਾਅ ਤੋਂ ਉਸਨੇ ਭਾਰਤ ਵਿੱਚ ਸਮਾਜਵਾਦੀ ਇਨਕਲਾਬੀ ਲਹਿਰ ਨੂੰ ਬਹੁਤ ਸ਼ਕਤੀ ਪ੍ਰਦਾਨ ਕੀਤੀ ਭਗਤ ਸਿੰਘ ਦੀ ਸ਼ਹਾਦਤ ਅਜਾਂਈ ਨਹੀਂ ਗਈ ਚਾਹੇ ਅਸੀਂ ਭਗਤ ਸਿੰਘ ਦੇ ਸੁਫਨਿਆਂ ਦਾ ਸਮਾਜ ਅਜੇ ਤੱਕ ਸਥਾਪਿਤ ਨਹੀਂ ਕਰ ਸਕੇ ਹਾਂ ਪਰ ਭਗਤ ਸਿੰਘ ਦੀ ਸ਼ਹਾਦਤ ਇਸ ਸੁਫਨੇ ਨੂੰ ਮਰਨ ਵੀ ਨਹੀਂ ਦੇਵੇਗੀ।
ਅੱਜ ਭਗਤ ਸਿੰਘ ਦੀ ਤਸਵੀਰ ਰਿਕਸਿ਼ਆਂ ਮਗਰ ਲੱਗੀਆਂ ਫੋਟੋਆਂ ਤੋਂ ਲੈ ਕੇ ਕਾਰਾਂ ਦੇ ਸਟਿਕਰਾਂ ਤੱਕ, ਪੇਂਡੂ ਕੁੜੀਆਂ ਵੱਲੋਂ ਕੱਢੀਆਂ ਚਾਦਰਾਂ ਤੋਂ ਲੈ ਕੇ ਫਿਲਮੀ ਪੋਸਟਰਾਂ ਤੱਕ ਅਤੇ ਢਾਬਿਆਂ, ਖੋਖਿਆਂ ਤੋਂ ਲੈ ਕੇ ਸਜੇ ਸਜਾਏ ਡਰਾਇੰਗ ਰੂਮਾਂ ਤੱਕ ਮਿਲਦੀ ਹੈ ਤਾਂ ਇਸਦਾ ਕਾਰਣ ਇਹੀ ਹੈ ਕਿ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਦਿਲਾਂ ਤੱਕ ਉਤਰੀ ਹੋਈ ਹੈ। ਸਾਡਾ ਅਕਸਰ ਗਿਲਾ ਰਹਿੰਦਾ ਹੈ ਕਿ ਭਗਤ ਸਿੰਘ ਦੀਆਂ ਤਸਵੀਰਾਂ ਤਾਂ ਬਹੁਤ ਹਰਮਨਪਿਆਰੀਆਂ ਹਨ ਪਰ ਉਸਦੇ ਵਿਚਾਰ ਆਮ ਲੋਕਾਂ ਤੱਕ ਨਹੀਂ ਪਹੁੰਚੇ। ਯਾਨੀ ਭਗਤ ਸਿੰਘ ਲੋਕਾਂ ਦੇ ਦਿਲਾਂ ਵਿੱਚ ਤਾਂ ਵਸਿਆ ਹੋਇਆ ਹੈ, ਦਿਮਾਗਾਂ ਵਿੱਚ ਨਹੀਂ। ਪਰ ਇਹ ਵੀ ਕੋਈ ਛੋਟੀ ਗੱਲ ਨਹੀਂ, ਅਸਲ ਵਿੱਚ ਆਮ ਲੋਕਾਈ ਦੇ ਦਿਲ ਤੱਕ ਪਹੁੰਚਣਾ ਹੀ ਔਖਾ ਹੁੰਦਾ ਹੈ ਦਿਮਾਗਾਂ ਤੱਕ ਤਾਂ ਕਦੇ ਵੀ ਪਹੁੰਚਿਆ ਜਾ ਸਕਦਾ ਹੈ। ਲੋਕਾਂ ਦੇ ਦਿਲਾਂ ਤੱਕ ਭਗਤ ਸਿੰਘ ਖੁਦ ਪਹੁੰਚਿਆ ਉਸਨੂੰ ਲੋਕਾਂ ਦੇ ਦਿਮਾਗਾਂ ਤੱਕ ਪਹੁੰਚਾਉਣਾ ਸਾਡਾ ਕਾਰਜ ਹੈ।
Post a Comment