ਸਾਗਰ ਦੀ ਥਾਂ.......... ਗ਼ਜ਼ਲ / ਸੁਰਜੀਤ ਜੱਜ

ਸਾਗਰ ਦੀ ਥਾਂ ਮੋਈ, ਪਿਆਸੀ ਮੱਛੀ ਬਾਰੇ ਸੋਚ ਰਿਹਾ ਹਾਂ
ਅੱਜ ਕਲ ਮੈਂ ਵੀ ਚੰਨ ਤੋਂ ਖਿਝਿਆ, ਧਰਤੀ ਬਾਰੇ ਸੋਚ ਰਿਹਾ ਹਾਂ


ਬੇੜੀ ਬਦਲੇ ਝੀਲ ਦਾ ਸੌਦਾ, ਇਕ ਸੌਦਾਗਰ ਦੇ ਸੰਗ ਕਰਕੇ,
ਬਹਿ ਰੇਤਾ ‘ਤੇ ਹੁਣ ਮੈਂ ਓਸੇ, ਬੇੜੀ ਬਾਰੇ ਸੋਚ ਰਿਹਾ ਹਾਂ

ਠੀਕਰੀਆਂ ਨੂੰ ਕੱਠਿਆਂ ਕਰਦੇ, ਦੋਵੇਂ ਹੀ ਕੁਝ ਪ੍ਰੇਸ਼ਾਨ ਹਾਂ,
ਉਸਨੂੰ ਫ਼ਿਕਰ ਘੜੇ ਦਾ ਹੈ, ਮੈਂ ਪਾਣੀ ਬਾਰੇ ਸੋਚ ਰਿਹਾ ਹਾਂ

ਸੂਰਜ ਖ਼ਾਤਰ ਕੱਲ ਤੂੰ ਜਿਸਦਾ, ਤੇਲ ਬਰੂਹੀਂ ਚੋ ਦਿੱਤਾ ਸੀ,
ਮੈਂ ਓਸੇ ਦੀਵੇ ਦੀ ਸੜਦੀ ਬੱਤੀ ਬਾਰੇ ਵੀ ਸੋਚ ਰਿਹਾ ਹਾਂ

ਤੂੰ ਗੋਕੁਲ ਦਾ ਦੁੱਖ-ਸੁੱਖ ਭੁਲਕੇ, ਜਾਹ ਮਥਰਾ ਦੇ ਜਸ਼ਨ ਵੇਖ,
ਮੈਂ ਸੁਦਰਸ਼ਨ ਚੱਕਰ ਬਣ ਗਈ, ਬੰਸੀ ਬਾਰੇ ਸੋਚ ਰਿਹਾ ਹਾਂ

ਉਸਨੂੰ ਫ਼ਿਕਰ ਹੈ ਆਪਣੀ ਛੱਤਰੀ ਦੇ ਰੰਗਾਂ ਦੇ ਖੁਰ ਜਾਵਣ ਦਾ,
ਤੇ ਮੈਂ ਆਪਣੀ ਪਿਆਸ ਹੰਢਾਉਂਦੀ, ਮਿੱਟੀ ਬਾਰੇ ਸੋਚ ਰਿਹਾ ਹਾਂ

ਕੋਇਲ, ਬੁਲਬੁਲ, ਤਿਤਲੀ, ਚਕਵੀਂ, ਮੂਨ, ਮੀਨ ਤੇ ਚਿੜੀ ਚਕੋਰੀ,
ਮੈਂ ਸਭਨਾਂ ਦੀ ਤੜਪ ਨੂੰ ਜਿਉਂਦੀ, ਬੱਚੀ ਬਾਰੇ ਸੋਚ ਰਿਹਾ ਹਾਂ

ਜਿਸਦੇ ਢਹਿ ਕੇ ਨਗਰ ਬਣਨ ‘ਤੇ, ਮੈਨੂੰ ਕੁਝ ਰੁਜ਼ਗਾਰ ਮਿਲੇਗਾ,
ਬੇਰੁਜ਼ਗਾਰਾਂ ਦੀ ਮੈਂ ਓਸੇ, ਬਸਤੀ ਬਾਰੇ ਸੋਚ ਰਿਹਾ ਹਾਂ

ਅਦਲੀ ਰਾਜੇ ਦੀ ਰਹਿਮਤ ਦੀ ਚਕਾਚੌਂਧ ਵਿਚ ਗੁੰਮ ਗਈ ਜੋ,
ਕਿੰਝ ਹੋਵੇ ਸੁਰਜੀਤ ਮੈਂ ਆਪਣੀ ਵੰਝਲੀ ਬਾਰੇ ਸੋਚ ਰਿਹਾ ਹਾਂ
Post a Comment