ਰੱਬ ਖ਼ੈਰ ਕਰੇ.......... ਵਿਅੰਗ / ਚੰਦਿਆਣਵੀ

“ਜੀ ਸੁਣਦੇ ਓਂ ?.... ਆਹ ਕਾਰਡ ਆਇਐ ਵਿਆਹ ਦਾ ਭੂਆ ਜੀ ਦੇ ਘਰੋਂ | ਉਨਾਂ ਦੀ ਵੱਡੀ ਲੜਕੀ ਦੀ ਮੈਰਿਜ ਰੱਖੀ ਐ |” ਖੁਸ਼ੀ ‘ਚ ਭਟੂਰੇ ਵਾਂਗ ਫੁੱਲੀ ਮੇਰੀ ਪਤਨੀ ਬੋਲੀ | “ਤੁਸੀਂ ਛੁੱਟੀਆਂ ਲੈ ਲਿਓ, ਆਪਾਂ ਦੋ ਦਿਨ ਪਹਿਲਾਂ ਹੀ ਜਾਣੈਂ |” ਆਖ਼ਰ ਬੜੇ ਮਾਣ ਨਾਲ ਸੱਦਿਐ ਮੇਰੀ ਭੂਆ ਨੇ .... ਨਾਲੇ ਸਾਰੇ ਰਿਸ਼ਤੇਦਾਰ ਆਏ ਹੋਣਗੇ |” ਮੈਂ ਸਭ ਕੁਝ ਸੁਣ ਰਿਹਾ ਸੀ, ਉਹ ਬੋਲੀ ਜਾ ਰਹੀ ਸੀ, ਸੱਤ ਵਾਲੀਆਂ ਖਬਰਾਂ ਵਾਂਗ | “ਕੱਲ ਸ਼ਾਮੀਂ ਆਪਾਂ ਬਜ਼ਾਰ ਚੱਲਣੈਂ” ਉਸ ਹੁਕਮ ਸੁਣਾਇਆ.... “ਇਕ ਸੂਟ ਭੂਆ ਦੀ ਕੁੜੀ ਵਾਸਤੇ, ਕੋਈ ਗਹਿਣਾ ਵੀ ਦੇਖਾਂਗੇ.... ਇਕ ਮੇਰਾ ਸੂਟ, ਇਕ ਮੇਰੇ ਸਲੀਪਰ, ਇਕ ਕਲਿੱਪ ਤੇ ਇਕ ਲੈਦਰ ਦਾ ਪਰਸ ਵੀ ਖਰੀਦਣੈਂ |” ਆਖ਼ਰ ਭੂਆ ਦੀ ਕੁੜੀ ਕਿਹੜਾ ਰੋਜ਼ ਵਿਆਹੁਣੀ ਐ |” ਉਸਦੀ ਮੰਗਾਂ ਦੀ ਲਿਸਟ ਅਸਮਾਨ ‘ਚ ਉੱਡਦੀ ਗੁੱਡੀ ਵਾਂਗ ਵਧ ਰਹੀ ਸੀ ਤੇ ਮੇਰਾ ਵਜੂਦ ਫੂਕ ਕੱਢੇ ਗ਼ੁਬਾਰੇ ਵਾਂਗ ਲਗਾਤਾਰ ਸੁੰਗੜਦਾ ਜਾ ਰਿਹਾ ਸੀ |

“ਭਗਵਾਨੇ ਚਾਰ ਮਹੀਨੇ ਹੋ ‘ਗੇ ਤਨਖਾਹ ਤਾਂ ਮਿਲੀ ਨੀਂ, ਮੈਂ ਇਹ ਸਭ ਕਿੱਥੋਂ....“, ਮੈਂ ਬੁੜਬੁੜਾਇਆ | “ਜਿਹੜੇ ਆ ਥੋਡੇ ਦੋਸਤ ਹਰਲ-ਹਰਲ ਕਰਦੇ ਤੁਰੇ ਫਿਰਦੇ ਐ, ਕੀ ਉਹ ਰਗੜ ਕੇ ਫੋੜੇ ‘ਤੇ ਲਾਉਣੇ ਐਂ | ਜੇ ਇਹ ਹੁਣ ਕੰਮ ਨਾ ਆਏ ਤਾਂ ਫਿਰ ਕਦੋਂ ਆਉਣਗੇ, ਨਾਲੇ ਮੌਕਾ ਦੇਖ ਲੋ ਪਰਖ ਕੇ”, ਉਹ ਛੇ ਇੰਚੀ ਗੁੱਤ ਨੂੰ ਸੰਵਾਰਦੀ ਹੋਈ ਬੋਲੀ | “ਭਾਗਵਾਨੇ, ਹਾਲਾਤ ਦੇਖੀਦੇ ਐ, ਜੇ ਮੇਰਾ ਕਹਿਣਾ ਮੰਨੇ ਤਾਂ ਵਿਆਹ ‘ਤੇ ਜਾਣਾ ਹੀ ਕੈਂਸਲ ਕਰ ਦੇਈਏ”, ਮੈਂ ਪਿਆਰ ਨਾਲ ਸਮਝਾਉਣਾ ਚਾਹਿਆ | ਉਹ ਅੱਗ ‘ਤੇ ਪਾਏ ਤੇਲ ਵਾਂਗ ਭੁੜਕੀ, “ਜੋ ਮਰਜ਼ੀ ਹੋਵੇ ਮੈਨੂੰ ਸਾਰਾ ਸਾਮਾਨ ਲਿਆ ਕੇ ਦਿਓ, ਕੀ ਮੇਰਾ ਘਰ ਵਿੱਚ ਕੋਈ ਅਧਿਕਾਰ ਨਹੀਂ.... ਮੇਰਾ ਕੋਈ ਹਿੱਸਾ ਨਹੀਂ ਤੇ ਉਸਨੇ ਤਿੰਨ ਸੌ ਪੈਂਹਠਾਂ ‘ਚੋਂ ਪਹਿਲਾ ਚਲਿੱਤਰ ਚਲਾਉਣਾ, ਜਾਣੀ ਰੋਣਾ ਸ਼ੁਰੂ ਕਰ ਦਿੱਤਾ | ਹੁਣ ਮੈਂ ਜਾਲ ‘ਚ ਫਸੇ ਪੰਛੀ ਵਾਂਗ ਫੜਫੜਾ ਰਿਹਾ ਸੀ ਤੇ ਉਸ ਚੰਡੀ ਦੇ ਰੂਪ ਅੱਗੇ ਚੁੱਪ ਹੋਣ ਲਈ ਤਰਲੇ ਕਰਨ ਲੱਗਾ | ਮੈਂ ਅਣਮੰਨੇ ਮਨ ਨਾਲ ਉਸਨੂੰ ਖਰੀਦਦਾਰੀ ਕਰਨ ਲਈ ਹਾਂ ਕਰ ਦਿੱਤੀ, ਤਾਂ ਉਸ ਦੀਆਂ ਵਾਛਾਂ ਰੇਲਵੇ ਦੇ ਖੁੱਲ ਰਹੇ ਫਾਟਕ ਵਾਂਗ ਖੁੱਲ ਗਈਆਂ |

ਅਗਲੇ ਦਿਨ ਸ਼ਾਮ ਨੂੰ ਤਿਆਰ ਹੋ ਗਈ ਬਜ਼ਾਰ ਲਈ | ਪਹਿਲਾਂ ਕੱਪੜੇ ਦੀ ਦੁਕਾਨ ‘ਤੇ ਗਏ ਤਾਂ ਲਾਲਾ ਮੋਟੀ ਸਾਮੀ ਸਮਝ ਕੇ ਦੂਜੇ ਗਾਹਕਾਂ ਨੂੰ ਛੱਡ ਹੀਂ-ਹੀਂ ਕਰਦਾ ਸਾਨੂੰ ਸੂਟ ਦਿਖਾਉਣ ਲੱਗ ਪਿਆ | ਉਹ ਸੂਟਾਂ ਦੇ ਨਵੇਂ ਨਵੇਂ ਰੰਗ ਦਿਖਾ ਰਿਹਾ ਸੀ ਤੇ ਮੇਰੇ ਚਿਹਰੇ ਦੇ ਸਾਰੇ ਰੰਗ ਉੱਡ ਰਹੇ ਸਨ | ਪਲਾਂ ਵਿੱਚ ਹੀ ਮੇਰੀ ਧਰਮ ਪਤਨੀ ਨੇ ਦੋ ਦੀ ਥਾਂ ‘ਤੇ ਤਿੰਨ ਸੂਟ ਕਟਾ ਲਏ | ਫਿਰ ਮੁਨਿਆਰੀ ਤੇ ਜੁੱਤੀਆਂ ਦੀ ਦੁਕਾਨ ਤੋਂ ਬਾਅਦ ਮੇਰੀ ਜੇਬ ‘ਚੋਂ ਨੋਟ ਇਉਂ ਉੱਡ ਗਏ ਜਿਵੇਂ ਗਧੇ ਦੇ ਸਿਰ ਤੋਂ ਸਿੰਗ |

ਅਗਲੇ ਦਿਨ ਅਟੈਚੀ ਚੁੱਕ ਕੇ ਵਿਆਹ ‘ਤੇ ਜਾਣ ਲਈ ਆਪਣੀ ਪਤਨੀ ਨਾਲ ਬੱਸ ਸਟੈਂਡ ਪਹੁੰਚਿਆ ਤਾਂ ਇਕ ਰੋਡਵੇਜ਼ ਦੀ ਬੱਸ ਦਾ ਕੰਡਕਰ ਸਵਾਰੀਆਂ ਅੱਗੇ ਸਵਾਰ ਹੋਣ ਲਈ ਹਾੜੇ ਕੱਢ ਰਿਹਾ ਸੀ | ਬੱਸ ਵਿੱਚ ਵੜੇ ਤਾਂ ਚਾਰ ਚੁਫੇਰੇ ਧੂੜ ਇਉਂ ਚੜੀ ਪਈ ਸੀ ਜਿਵੇਂ ਮੇਰੀ ਪਤਨੀ ਦੇ ਚਿਹਰੇ ਤੇ ਮੇਕਅੱਪ ਦੀ ਪਰਤ | ਮੈਂ ਅਖ਼ਬਾਰ ਨਾਲ ਸੀਟ ਝਾੜੀ ਤੇ ਬੈਠ ਗਿਆ, ਰੱਬ ਦਾ ਨਾਂ ਲੈ ਕੇ | ਸਮਾਂ ਹੋਇਆ ਤਾਂ ਡਰਾਇਵਰ ਨੇ ਸੈਲਫ਼ ਮਾਰਿਆ, ਬੱਸ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ | ਫਿਰ ਕੰਡਕਟਰ ਰਾਡ ਲੈ ਕੇ ਜੋਰ-ਜ਼ੋਰ ਨਾਲ ਇੰਜਣ ‘ਤੇ ਮਾਰਨ ਲੱਗਾ ਜਿਵੇਂ ਸੁੱਤੀ ਪਈ ਨੂੰ ਜਗਾਉਣਾ ਹੋਵੇ | ਆਖ਼ਰ ਬੱਸ ਸਟਾਰਟ ਹੋ ਗਈ | ਡਰਾਈਵਰ ਨੇ ਦੋਹਾਂ ਹੱਥਾਂ ਨਾਲ ਗੇਅਰ ਪਾਇਆ ਤਾਂ ਬੱਸ ਝੂਟੇ ਜਿਹੇ ਮਾਰ ਕੇ ਤੁਰਨ ਲੱਗੀ ਜਿਵੇਂ ਉਨੀਂਦਰੇ ‘ਚ ਤੁਰ ਰਹੀ ਹੋਵੇ | ਸਰਦੀ ਦਾ ਮੌਸਮ ਸੀ, ਬੱਸ ਦੇ ਬਹੁਤੇ ਸ਼ੀਸ਼ੇ ਨਾ ਹੋਣ ਕਾਰਨ ਫਰਾਟੇਦਾਰ ਹਵਾ ਅੰਦਰ ਆ ਰਹੀ ਸੀ ਜਿਵੇਂ ਸਾਡਾ ਮੁੜਕਾ ਸੁਕਾਉਣਾ ਹੋਵੇ | ਬੱਸ ਦੀ ਰਫ਼ਤਾਰ ਤੇ ਸ਼ੋਰ ਨੂੰ ਸੁਣ ਕੇ ਮੇਰੇ ਸਾਹ ਸੁੱਕ ਰਹੇ ਸਨ, ਰੱਬ ਖ਼ੈਰ ਕਰੇ |

ਅਜੇ ਦਸ ਕੁ ਕਿਲੋਮੀਟਰ ਹੀ ਗਏ ਸਾਂ ਕਿ ਘਰਰ-ਘਰਰ ਕਰਕੇ ਬੱਸ ਖੜੋ ਗਈ, ਸੜਕ ਵਿਚਾਲੇ, ਜਿਵੇ ਕਦੇ-ਕਦੇ ਮੇਰੀ ਪਤਨੀ ਰੁੱਸ ਕੇ ਬਹਿ ਜਾਂਦੀ ਹੈ ਤੇ ਲੱਖ ਮਨਾਇਆਂ ਵੀ ਨਹੀਂ ਮੰਨਦੀ | ਉਨਾਂ ਮੇਰੇ ਵਾਂਗ ਕਈ ਉਪਾਅ ਕਰਕੇ ਵੇਖੇ ਪਰ ਨਾਕਾਮਯਾਬ ਹੀ ਰਹੇ | ਸਭ ਸਵਾਰੀਆਂ ਬੱਸ ਤੋਂ ਹੇਠਾਂ ਉਤਰ ਆਈਆਂ, ਮਹਿਕਮੇ ਨੂੰ ਨਿੱਘੀਆਂ-ਨਿੱਘੀਆਂ ਗਾਲਾਂ ਕੱਢਦੀਆਂ ਹੋਈਆਂ | ਲੰਮੀ ਉਡੀਕ ਤੋਂ ਬਾਅਦ ਤੂੜੀ ਵਾਲੇ ਟਰੱਕ ਵਾਂਗ ਭਰੀ ਪ੍ਰਾਈਵੇਟ ਬੱਸ ਨੇ ਤਰਸ ਖਾਧਾ ਤੇ ਪਿੰਡ ਪਹੁੰਚਾਇਆ | ਛੇ ਘੰਟੇ ਦੇ ਸਫ਼ਰ ਤੋਂ ਬਾਅਦ ਵਿਆਹ ਵਾਲੇ ਘਰ ਪਹੁੰਚਦਿਆਂ ਹੀ ਮੇਰੀ ਪਤਨੀ ਫੂਕ ਕੱਢੇ ਗੁਬਾਰੇ ਵਰਗਾ ਮੂੰਹ ਲੈ ਕੇ ਪੱਕੇ ਅੰਬ ਵਾਂਗ ਮੰਜੇ ਉਤੇ ਡਿੱਗ ਪਈ | ਸਾਡੇ ਚਾਹ-ਪਾਣੀ ਪੀਣ ਤੋਂ ਬਾਅਦ ਪਤਨੀ ਨੇ ਹੱਥ-ਮੂੰਹ ਧੋ ਕੇ ਮੂੰਹ ਲਿੱਪਿਆ, ਬਾਹਰ ਸਬਜ਼ੀ ਮੰਡੀ ਵਰਗਾ ਮਾਹੌਲ ਸੀ ਵਿਆਹ ਦਾ | ਤਰਾਂ-ਤਰਾਂ ਦੇ ਪਕਵਾਨਾਂ ਦੀਆਂ ਖੁਸ਼ਬੋਆਂ ਆ ਰਹੀਆਂ ਸਨ | ਸਪੀਕਰ ਏਨਾਂ ਉੱਚੀ ਲਗਾ ਛੱਡਿਆ ਸੀ ਜਿਵੇਂ ਸਾਡੇ ਕੰਨਾਂ ਦੇ ਸੁਰਾਖ਼ ਖੁੱਲੇ ਕਰਨੇ ਹੋਣ | ਕਈ ਕਾਗਜ਼ੀ ਪਹਿਲਵਾਨ ਤੀਲਿਆਂ ਵਰਗੀਆਂ ਲੱਤਾਂ ਨੂੰ ਤੇਜ਼-ਤੇਜ਼ ਇਉਂ ਇਧਰ ਉਧਰ ਮਾਰ ਰਹੇ ਸਨ ਜਿਵੇਂ ਦੌਰਾ ਪਿਆ ਹੋਵੇ | ਮੇਰੀ ਪਤਨੀ ਆਪਣੇ ਰਿਸ਼ਤੇਦਾਰਾਂ ਵਿਚਕਾਰ ਘਿਰੀ ਹੋਈ ਗੋਭੀ ਦੇ ਫੁੱਲ ਵਾਂਗ ਖਿੜੀ ਪਈ ਸੀ | ਵਿਆਹ ਤੋਂ ਬਾਅਦ ਘਰ ਵਾਲਿਆਂ ਤੋਂ ਅਲਵਿਦਾ ਲੈ ਕੇ ਘਰ ਪਹੁੰਚਣ ਤੱਕ ਮੇਰੀਆਂ ਜੇਬਾਂ ਸਰਕਾਰੀ ਖ਼ਜਾਨੇ ਵਾਂਗ ਖ਼ਾਲੀ ਹੋਣ ਦਾ ਐਲਾਨ ਕਰ ਚੁੱਕੀਆਂ ਸਨ | ਮੇਨ ਗੇਟ ਖੁੱਲਿਆ ਤਾਂ ਇਕ ਹੋਰ ਵਿਆਹ ਦਾ ਕਾਰਡ ਵਿਹੜੇ ਵਿਚ ਡਿੱਗਿਆ ਪਿਆ, ਮੈਨੂੰ ਵੇਖਕੇ ਮੁਸਕਰਾ ਰਿਹਾ ਸੀ | ਹੁਣ ਮੈਂ ਕਦੇ ਮੁਸਕਰਾਉਂਦੇ ਕਾਰਡ ਵੱਲ ਤੇ ਕਦੇ ਆਪਣੀਆਂ ਉਦਾਸ ਤੇ ਸੁੰਨਸਾਨ ਜੇਬਾਂ ਵੱਲ ਵੇਖ ਰਿਹਾ ਸਾਂ |
Post a Comment